ਸਟੇਟ ਬਿਊਰੋ, ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੰਜਾਬ ਪੁਲਿਸ ਜਲਦ ਚਾਰਜਸ਼ੀਟ ਦਾਖ਼ਲ ਕਰੇਗੀ। ਚਾਰਜਸ਼ੀਟ ਵਿੱਚ ਇਸ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਸਮੇਤ 15 ਲੋਕਾਂ ਦੇ ਨਾਂ ਸ਼ਾਮਲ ਹਨ। ਪੁਲਿਸ ਵੱਲੋਂ 40 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਪੁਲਿਸ ਨੇ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨਾ ਕੋਲੋਂ ਬਰਾਮਦ ਕੀਤੇ ਹਥਿਆਰ ਅਤੇ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਰੱਖਿਆ ਹੈ।

ਅਧਿਕਾਰੀਆਂ ਮੁਤਾਬਕ ਲਾਰੈਂਸ ਤੋਂ ਇਲਾਵਾ ਚਾਰਜਸ਼ੀਟ 'ਚ ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਸੰਦੀਪ ਕੇਕੜਾ, ਦੀਪਕ ਟੀਨੂੰ, ਸਚਿਨ ਭਿਵਾਨੀ, ਕੇਸ਼ਵ, ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਮੁਕਾਬਲੇ 'ਚ ਮਾਰੇ ਗਏ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨਾ ਦੇ ਨਾਂ ਵੀ ਸ਼ਾਮਲ ਹਨ। ਗੌਰਤਲਬ ਹੈ ਕਿ ਛੇ ਗੈਂਗਸਟਰਾਂ ਵਿੱਚੋਂ ਤਿੰਨ ਪੁਲਿਸ ਨੇ ਫੜੇ ਸਨ, ਜਦੋਂ ਕਿ ਦੋ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦੀਪਕ ਟੀਨੂੰ ਫਰਾਰ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਮੂਸੇਵਾਲਾ ਦੇ ਕਤਲ ਵਾਲੇ ਦਿਨ ਥਾਰ ਵਿੱਚ ਉਸ ਦੇ ਨਾਲ ਬੈਠੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਬਣਾਇਆ ਗਿਆ ਹੈ। ਚੇਤੇ ਰਹੇ ਕਿ ਇਸ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਕੁਝ ਸਮੇਂ ਬਾਅਦ ਇਸ ਕਤਲੇਆਮ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ।

ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਤਲ ਵਾਲੇ ਦਿਨ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ, ਪਰ ਉਸੇ ਦਿਨ ਇਸ ਦਾ ਪੁਨਰਗਠਨ ਛੇ ਮੈਂਬਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਦਾ ਕੰਮ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਇਲਾਵਾ ਦਸ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ, ਜਿਸ ਮਗਰੋਂ ਮਾਮਲਾ ਸੁਲਝਾ ਲਿਆ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਪਿਤਾ ਪਹੁੰਚੇ ਪੀਜੀਆਈ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀਰਵਾਰ ਨੂੰ ਜਾਂਚ ਲਈ ਪੀਜੀਆਈ ਦੇ ਕਾਰਡਿੰਕ ਨਿਊਕਲੀਅਰ ਵਿਭਾਗ ਪਹੁੰਚੇ। ਸਿੰਘ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਦਿਲ ਦੀ ਤਕਲੀਫ ਤੋਂ ਪੀੜਤ ਹਨ, ਜਿਸ ਦੀ ਜਾਂਚ ਲਈ ਉਹ ਪੀਜੀਆਈ ਆਏ ਸਨ। ਬਲਕੌਰ ਸਿੰਘ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਨ। ਉਹ ਸਵੇਰੇ 9 ਵਜੇ ਦੇ ਕਰੀਬ ਪੀਜੀਆਈ ਪਹੁੰਚਿਆ ਅਤੇ ਬਾਅਦ ਦੁਪਹਿਰ ਵਾਪਸ ਆ ਗਿਆ।

Posted By: Jagjit Singh