ਜੇਐੱਨਐੱਨ, ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਇਕੱਲਿਆਂ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਵੀ ਚਰਚਾ ਚੱਲ ਰਹੀ ਹੈ ਕਿ ਉਨ੍ਹਾਂ ਨਾਲ ਦੋ ਉੱਪ ਮੁੱਖ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ। ਹਾਲਾਂਕਿ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਨਵੀਂ ਕੈਬਨਿਟ ਦਾ ਗਠਨ ਹੋਵੇਗਾ ਉਦੋਂ ਹੀ ਉਪ ਮੁੱਖ ਮੰਤਰੀ ਅਹੁਦੇ ਦੀ ਵੀ ਸਹੁੰ ਚੁਕਵਾ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਵੱਲੋ ਅਸਤੀਫ਼ਾ ਦਿੱਤੇ ਜਾਣ ਪਿੱਛੋੋਂ ਪੰਜਾਬ ਕੈਬਨਿਟ ਭੰਗ ਹੋ ਗਈ ਹੈ। ਹੁਣ ਨਵੇਂ ਸਿਰਿਓਂ ਪੰਜਾਬ ਕੈਬਨਿਟ ਦਾ ਗਠਨ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਮਹਿਕਮੇ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਡਿਪਟੀ ਸੀਐੱਮ ਦੀ ਦੌੜ ’ਚ ਸਭ ਤੋਂ ਅੱਗੇ ਹਨ। ਮਹਿੰਦਰਾ ਖ਼ੁਦ ਉਪ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਚੂੰਕਿ ਸੂਬੇ ਦੀ ਕਮਾਨ ਜੱਟ ਸਿੱਘ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਦੀ ਕੁਰਸੀ ’ਤੇ ਦਲਿਤ ਆਗੂ ਨੂੰ ਬਿਠਾਉਣ ਪਿੱਛੋਂ ਇਕ ਹਿੰਦੂ ਨੇਤਾ ਦੇ ਰੂਪ ’ਚ ਬ੍ਰਹਮ ਮਹਿੰਦਰਾ ਦੀ ਦਾਅਵੇਦਾਰੀ ਵੱਧ ਜਾਂਦੀ ਹੈ। ਕਿਉਂਕਿ ਪਾਰਟੀ ਨੇ ਹਿੰਦੂਆਂ ਨੂੰ ਵੀ ਨੁਮਾਇੰਦਗੀ ਦੇਣੀ ਹੈ। ਉਧਰ ਐਤਵਾਰ ਦੇਰ ਸ਼ਾਮ ਤਕ ਮੁੱਖ ਮੰਤਰੀ ਬਣਨ ਦੀ ਦੌੜ ’ਚ ਚੱਲ ਰਹੇ ਸੁਖਜਿੰਦਰ ਸਿੰਘ ਰੰਧਾਵਾ ਹੁਣ ਉਪ ਮੁੱਖ ਮੰਤਰੀ ਦੀ ਦੌੜ ’ਚ ਸ਼ਾਮਲ ਹੋ ਗਏ ਹਨ।

ਸ਼ਨਿਚਰਵਾਰ ਨੂੰ ਰੰਧਾਵਾ, ਸੁਨੀਲ ਜਾਖੜ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਆਉਣ ’ਤੇ ਉਪ ਮੁੱਖ ਮੰਤਰੀ ਬਣਨ ਲਈ ਤਿਆਰ ਨਹੀਂ ਸਨ। ਕਿਉਂਕਿ ਉਹ ਖ਼ੁਦ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਪ੍ਰਬਲ ਦਾਅਵੇਦਾਰ ਮੰਨ ਰਹੇ ਸਨ ਪਰ ਮੁੱਖ ਮੰਤਰੀ ਨਾ ਬਣਨ ਪਿੱਛੋਂ ਹੁਣ ਉਨ੍ਹਾਂ ਦੀ ਕੋਸ਼ਿਸ਼ ਉਪ ਮੁੱਖ ਮੰਤਰੀ ਬਣਨ ਦੀ ਹੈ। ਹਾਲਾਂਕਿ ਰੰਧਾਵਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲਾਲਾ ਨਹੀਂ। ਉਧਰ ਮੰਨਿਆ ਜਾ ਰਿਹਾ ਹੈ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦਾ ਪੱਤਾ ਕੈਬਨਿਟ ਵਿਚੋਂ ਕੱਟਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ’ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡ ’ਚ ਘਪਲਾ ਕਰਨ ਦਾ ਦੋਸ਼ ਹੈ। ਚੂੰਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਧੂ ਸਿੰਘ ਧਰਮਸੋਤ ਨਾਲ ਖੜ੍ਹੇ ਸਨ ਇਸ ਲਈ ਉਨ੍ਹਾਂ ਨੂੰ ਕੈਬਨਿਟ ਤੋਂ ਨਹੀਂ ਹਟਾਇਆ ਗਿਆ। ਅਜਿਹੇ ’ਚ ਦਲਿਤ ਮੁੱਖ ਮੰਤਰੀ ਬਣਨ ਪਿੱਛੋਂ ਹੁਣ ਕਾਂਗਰਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦਲਿਤ ਵਰਗ ਨੂੰ ਇਨਸਾਫ਼ ਦਿਵਾਉਣ ਦੀ ਵੀ ਰਹੇਗੀ। ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੂੰ ਘੇਰਦੀ ਰਹੀ ਹੈ। ਉਧਰ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਰਾਜ ਭਵਨ ’ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਪਿੱਛੋਂ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਜਾ ਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਗਏ (ਦੋਵੇਂ ਗੁਆਂਢੀ ਹਨ) ਤੋਂ ਸਪੱਸ਼ਟ ਹੈ ਕਿ ਕੈਬਨਿਟ ’ਚ ਮਨਪ੍ਰੀਤ ਦਾ ਕੱਦ ਵੱਡਾ ਹੀ ਰਹੇਗਾ।

ਜਾਖੜ ਨੇ ਉਪ ਮੁੱਖ ਮੰਤਰੀ ਬਣਨ ਦੀ ਤਜਵੀਜ਼ ਠੁਕਰਾਈ

ਮੁੱਖ ਮੰਤਰੀ ਦੇ ਅਹੁਦੇ ਦਾ ਫ਼ੈਸਲਾ ਹੋਣ ਪਿੱਛੋਂ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਸਾਹਮਣੇ ਨਵੀਂ ਕੈਬਨਿਟ ’ਚ ਉਪ ਮੁੱਖ ਮੰਤਰੀ ਬਣਨ ਦੀ ਤਜਵੀਜ਼ ਰੱਖੀ ਗਈ ਜਿਸ ਨੂੰ ਜਾਖੜ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਹਰੀਸ਼ ਰਾਵਤ ਨੇ ਜਾਖੜ ਸਾਹਮਣੇ ਉਪ ਮੁੱਖ ਮੰਤਰੀ ਬਣਨ ਦੀ ਤਜਵੀਜ਼ ਰੱਖੀ ਪਰ ਜਾਖੜ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਨ੍ਹਾਂ ਨੇ ਇਸ ਤਜਵੀਜ਼ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ।

Posted By: Jagjit Singh