ਸਟੇਟ ਬਿਊਰੋ, ਚੰਡੀਗੜ੍ਹ : ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੀ ਟੂ ਕੇਸ ਵਿਚ ਚਰਨਜੀਤ ਸਿੰਘ ਚੰਨੀ ਨੇ ਇਸਤਰੀ ਅਫ਼ਸਰ ਤੋਂ ਮਾਫ਼ੀ ਮੰਗ ਲਈ ਸੀ, ਇਸੇ ਕਰ ਕੇ ਉਨ੍ਹਾਂ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਸੀ। ਕੈਪਟਨ ਨੇ ਕਿਹਾ ਕਿ ਜੇ ਇਸਤਰੀ ਬਿਊਰੋਕ੍ਰੇਟ ਚੰਨੀ ਦੇ ਵਿਰੁੱਧ ਕੇਸ ਅੱਗੇ ਵਧਾਉਂਦੀ ਤਾਂ ਉਨ੍ਹਾਂ ਸਖ਼ਤ ਕਾਰਵਾਈ ਜ਼ਰੂਰ ਕਰਨੀ ਸੀ। ਕੈਪਟਨ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚੰਨੀ ਰੇਤ ਮਾਈਨਿੰਗ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਮੁੱਖ ਮੰਤਰੀ ਹੁੰਦੇ ਸਨ ਉਦੋਂ ਸਪੱਸ਼ਟ ਤੌਰ ’ਤੇ ਦੱਸਿਆ ਸੀ ਕਿ ਨਾਜਾਇਜ਼ ਮਾਈਨਿੰਗ ਦੇ ਕਾਲੇ ਧੰਦੇ ਵਿਚ ਉਦੋਂ ਦਾ ਮੰਤਰੀ ਚਰਨਜੀਤ ਸਿੰਘ ਚੰਨੀ, ਕਈ ਵਿਧਾਇਕਾਂ ਤੇ ਹੋਰਨਾਂ ਅਹੁਦੇਦਾਰਾਂ ਦੀ ਭਾਈਵਾਲੀ ਹੈ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਦੱਸਿਆ ਸੀ ਕਿ ਉੱਪਰੋਂ ਲੈ ਕੇ ਥੱਲੇ ਤਕ ਭਾਵ ਕਿ ਸੀਨੀਅਰ ਮੰਤਰੀਆਂ ਸਮੇਤ ਕਈ ਪਾਰਟੀ ਅਹੁਦੇਦਾਰ ਕਾਲੇ ਧੰਦੇ ਵਿਚ ਸ਼ਾਮਲ ਹਨ।

ਉਨ੍ਹਾਂ ਕਿਹਾ, ‘‘ਮੇਰੇ ਕੋਲੋਂ ਪੁੱਛਿਆ ਗਿਆ ਸੀ ਕਿ ਮੈਂ ਕੀ ਕਾਰਵਾਈ ਕਰ ਰਿਹਾ ਹਾਂ? ਜਦਕਿ ਜਵਾਬ ਵਿਚ ਕਿਹਾ ਸੀ ਕਿ ਮੈਂ ਉੱਪਰੋਂ ਕਾਰਵਾਈ ਦੀ ਸ਼ੁਰੂਆਤ ਕਰਾਂਗਾ। ਇਸ ਲਈ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਮੈਂ ਪਾਰਟੀ ਲਈ ਵਫ਼ਾਦਾਰੀ ਕਾਰਨ ਕੋਈ ਕਾਰਵਾਈ ਨਹੀਂ ਕੀਤੀ। ਇਹੋ ਮੇਰੀ ਇੱਕੋ ਇਕ ਗ਼ਲਤੀ ਰਹੀ ਹੈ।’’ ਪੰਜਾਬ ਲੋਕ ਕਾਂਗਰਸ (ਪਲੋਕਾਂ) ਦੇ ਪ੍ਰਧਾਨ ਕੈਪਟਨ ਨੇ ਕਿਹਾ, ‘‘ਇਕ ਪਾਸੇ ਚੰਨੀ ਰੇਤ ਦੀ ਮਾਈਨਿੰਗ ਵਿਚ ਸ਼ਾਮਲ ਸੀ ਤੇ ਦੂਜੇ ਪਾਸੇ ਮੀ ਟੂ ਦੇ ਕੇਸ ਵਿਚ ਫਸ ਗਿਆ ਸੀ, ਇਸ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਚੰਨੀ ਕਿਹੋ ਜਿਹਾ ਵਿਅਕਤੀ ਹੈ।’’

ਵਿਧਾਇਕ ਨਵਜੋਤ ਸਿੱਧੂ ਦੀ ਮਾਨਸਿਕ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਚੰਨੀ ਵਾਂਗ ਸਿੱਧੂ ਵੀ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਲਾਇਕ ਨਹੀਂ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਖ਼ਰ ਰਾਹੁਲ ਗਾਂਧੀ ਨੇ ਇਨ੍ਹਾਂ ਦੋਵਾਂ (ਚੰਨੀ ਤੇ ਸਿੱਧੂ) ਵਿਚ ਕਿਹੜੀ ਖ਼ਾਸ ਗੱਲ ਵੇਖੀ ਹੈ। ਆਪਣੇ ਹਲਕੇ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਉਨ੍ਹਾਂ ਨੂੁੰ ਕੋਈ ਚੁਣੌਤੀ ਦਰਪੇਸ਼ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੰਨੀਆਂ ਵੀ ਪਾਰਟੀਆਂ ਦੇ ਜਿੰਨੇ ਵੀ ਸਿਆਸਤਦਾਨ ਹਨ, ਕਿਸੇ ਵਿਚ ਇੰਨੀ ਲਿਆਕਤ ਨਹੀਂ ਕਿ ਉਹ ਪੰਜਾਬ ਦੇ ਭਵਿੱਖ ਬਾਰੇ ਸੋਚ ਸਕਦਾ ਹੋਵੇ।

‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ‘ਕਾਮੇਡੀਅਨ’ ਆਖਦਿਆਂ ਕੈਪਟਨ ਨੇ ਕਿਹਾ ਕਿ ਸਰਹੱਦੀ ਸੂਬੇ ਨੂੰ ‘ਹਾਸਰਸ ਕਲਾਕਾਰ’ ਨਹੀਂ ਚਲਾ ਸਕਦਾ।

Posted By: Jagjit Singh