ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਆਪਣੇ 'ਤੇ ਲਾਏ ਗਏ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਪੰਜਾਬ ਭਰ 'ਚ ਰੇਤ ਦੀ ਖੁਦਾਈ 'ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਦਾ ਇੱਕ ਵੀ ਸਬੂਤ ਪੇਸ਼ ਕਰਨ ਲਈ ਲਲਕਾਰਿਆ ਹੈ।
“ਮੈਂ ਆਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸੰਬੰਧਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮੇਰੇ ਕਿਸੇ ਸਮਾਗਮ ਵਿੱਚ ਹਾਜ਼ਰ ਹੋ ਸਕਦਾ ਹੈ। ਜੇ ਮੈਂ ਆਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਂਦਾ ਹਾਂ ਤਾਂ ਇਹ ਕੋਈ ਜ਼ੁਰਮ ਨਹੀਂ ਹੈ।” ਇਹ ਗੱਲ ਮੁੱਖ ਮੰਤਰੀ ਨੇ ਈਡੀ ਦੁਆਰਾ ਜਾਂਚ ਕੀਤੇ ਹਨੀ ਦੇ ਮਨੀ ਲਾਂਡਰਿੰਗ ਕੇਸ ਵਿੱਚ ਆਪਣੇ ਕਿਸੇ ਵੀ ਸੰਬੰਧ ਦਾ ਸਪੱਸ਼ਟ ਰੂਪ ਵਿੱਚ ਇਨਕਾਰ ਕਰਦਿਆਂ ਕਿਹਾ।
ਮਜੀਠੀਆ ਦੁਆਰਾ ਸ਼ੁਰੂ ਕੀਤੀ ਬਦਨਾਮ ਅਤੇ ਗੁੰਮਰਾਹ ਕਰਨ ਵਾਲੀ ਮੁਹਿੰਮ ਦੇ ਜਵਾਬ ਵਿੱਚ ਮਜੀਠੀਆ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਜੀਠੀਆ ਭਾਜਪਾ ਸਰਕਾਰ ਦੀਆਂ ਧੁਨਾਂ 'ਤੇ ਨੱਚ ਰਿਹਾ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸਦਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜੋ ਕਿ ਅਕਾਲੀ-ਭਾਜਪਾ ਨਾਲ ਗੱਠਜੋੜ ਵਿੱਚ ਹੈ, ਗੁਨਾਹਾਂ 'ਤੇ ਪਰਦਾ ਪਾ ਦਿੱਤਾ ਸੀ।
ਮਜੀਠੀਆ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, “ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰਾਂ ਨਾਲ ਉਸਦੇ ਸੰਬੰਧਾਂ ਦੇ ਮਾਮਲੇ ਵਿੱਚ ਈਡੀ ਨੇ ਉਸਦੀ ਜਾਂਚ ਕੀਤੀ ਸੀ ਅਤੇ ਨਸ਼ਿਆਂ ਦੇ ਸੌਦਾਗਰ ਨੂੰ ਪਨਾਹ ਦੇਣ ਅਤੇ ਨਸ਼ਿਆਂ ਦੀ ਤਸਕਰੀ ਦੀ ਸਹੂਲਤ ਦੇਣ ਲਈ ਉਸ ਦਾ ਨਾਮ ਲਿਆ ਸੀ। ਮਜੀਠੀਆ ਦੀਆਂ ਫੋਟੋਆਂ ਉਨ੍ਹਾਂ ਦੇ ਨਾਲ ਸਨ, ਕੀ ਇਸ ਦਾ ਮਤਲਬ ਉਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਨ੍ਹਾਂ ਨੂੰ ਪਨਾਹ ਦਿੰਦਾ ਸੀ?”
ਮੁੱਖ ਮੰਤਰੀ ਨੇ ਮਜੀਠੀਆ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿ ਅਨਵਰ ਮਸੀਹ, ਬਿੱਟੂ ਔਲਖ, ਜਗਦੀਸ਼ ਭੋਲਾ, ਗੁਰਦੀਪ ਰਾਣੂ, ਸਤਪ੍ਰੀਤ ਸੱਤਾ ਸਮੇਤ ਬਦਨਾਮ ਨਸ਼ਾ ਤਸਕਰਾਂ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ, ਜਿਨ੍ਹਾਂ ਨਾਲ ਉਹ ਆਮ ਤੌਰ 'ਤੇ ਸਿਆਸੀ ਸਟੇਜਾਂ ਸਾਂਝੀਆਂ ਕਰਦੇ ਸਨ ਅਤੇ ਉਨ੍ਹਾਂ ਨਾਲ ਜਨਤਕ ਸਮਾਗਮਾਂ ਵਿੱਚ ਵੀ ਸ਼ਾਮਿਲ ਹੋਏ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪੇ ਅਤੇ ਵਿਰੋਧੀ ਧਿਰ ਦੇ ਭੜਕਾਊ ਹਮਲਿਆਂ ਨੂੰ 'ਸਿਆਸੀ ਬਦਲਾਖੋਰੀ' ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦੀ ਬੇਰੁਖੀ ਤੋਂ ਬਾਅਦ ਭਾਜਪਾ ਮੇਰੇ ਤੋਂ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਅਤੇ ਵਿਰੋਧੀ ਧਿਰ ਹੁਣ ਪੰਜਾਬ ਵਿੱਚ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ। "
ਉਨ੍ਹਾਂ ਨੇ ਮਜੀਠੀਆ ਨੂੰ ਸਵਾਲ ਕੀਤਾ, "ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਹਰ ਰੋਜ਼ ਹਜ਼ਾਰਾਂ ਲੋਕਾਂ ਨਾਲ ਫੋਟੋਆਂ ਖਿਚਵਾਉਂਦਾ ਹਾਂ, ਕੀ ਇਸਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ?"
ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ, ਜਿਸ ਨੇ 10 ਸਾਲਾਂ ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕੀਤਾ, ਹੁਣ ਉਸਦੀ ਇਮਾਨਦਾਰੀ 'ਤੇ ਸਵਾਲ ਕਰ ਰਿਹਾ ਹੈ, ਇਹ ਬਹੁਤ ਹੀ ਹਾਸੋਹੀਣੀ ਗੱਲ ਹੈ।
ਪਿੰਡ ਸਲਾਪੁਰ ਦੇ ਸਰਪੰਚ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਬਿੰਦਰ ਵੱਲੋਂ ਮੁੱਖ ਮੰਤਰੀ ਦਾ ਨਾਂ ਲੈਣ ਦੀ ਆਡੀਓ ਰਿਕਾਰਡਿੰਗ 'ਤੇ ਪ੍ਰਤੀਕਿਰਿਆ ਦਿੰਦਿਆਂ ਚੰਨੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿੱਜੀ ਫ਼ਾਇਦੇ ਲਈ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਨਾਂ ਲੈ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।
ਚੰਨੀ ਨੇ ਕਿਹਾ, "ਉਹ ਸਾਰੇ ਮੇਰੇ ਦੁਆਰਾ ਚਾਰ ਮਹੀਨਿਆਂ ਤੋਂ ਨਿਰਸਵਾਰਥ ਕੰਮ ਕਰਨ ਅਤੇ ਲੋਕਾਂ ਦੀ ਭਲਾਈ 'ਤੇ ਸਰਕਾਰੀ ਫੰਡ ਖਰਚਣ ਲਈ ਮੇਰੇ ਤੋਂ ਡਰਦੇ ਅਤੇ ਔਖੇ ਹਨ, ਜਿਸ ਨੂੰ ਉਹ ਆਪਣੇ ਕਰੋੜਾਂ ਦੇ ਸਾਮਰਾਜ ਬਣਾਉਣ ਲਈ ਵਰਤਣਾ ਚਾਹੁੰਦੇ ਸਨ।"
Posted By: Jagjit Singh