ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਕੂਲੀ ਸਿੱਖਿਆ ਤੋਂ ਬਾਅਦ ਉੱਚ ਸਿੱਖਿਆ ਲਈ ਵਿਦਿਆਰਥੀ ਜੀਵਨ'ਚ ਸਹੀ ਮਾਰਗ ਦਰਸ਼ਨ ਦੀ ਡੂੰਘੀ ਮਹੱਤਤਾ ਹੈ। ਵਿਦਿਆਰਥੀਆਂ ਲਈ ਸੈਕੰਡਰੀ ਸਿੱਖਿਆ ਤੋਂ ਬਾਅਦ ਅਜਿਹਾ ਪੜਾਅ ਹੁੰਦਾ ਹੈ, ਜਿਸ ਦੌਰਾਨ ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਅਹਿਮ ਭੂਮਿਕਾ ਅਦਾ ਕਰਦੀ ਹੈ। ਅਜਿਹੇ 'ਚ ਵਿਦਿਆਰਥੀਆਂ ਦੇ ਵਿਆਪਕ ਮਾਰਗ ਦਰਸ਼ਨ ਲਈ ਚੰਡੀਗੜ੍ਹ 'ਵਰਸਿਟੀ ਘੜੂੰਆਂ ਵੱਲੋਂ ਮੁਹੱਈਆ ਕਰਵਾਈ ਜਾਂਦੀਆਂ 'ਕਰੀਅਰ ਕੌਂਸਲਿੰਗ' ਸੇਵਾਵਾਂ ਲਾਕਡਾਊਨ ਤੋਂ ਬਾਅਦ ਮੁੜ ਤੋਂ ਜਾਰੀ ਕੀਤੀਆਂ ਗਈਆਂ ਹਨ। ਜਿਸ ਲਈ 'ਵਰਸਿਟੀ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਪੱਧਰ 'ਤੇ 21 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ 'ਕੌਂਸਲਿੰਗ ਸੈਂਟਰ' ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਪ੍ਰਰੋ. ਚਾਂਸਲਰ ਡਾ. ਆਰਐੱਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਲਾਕਡਾਊਨ ਸਬੰਧੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਅਤੇ ਸਮਾਜਕ ਦੂਰੀ ਬਰਕਰਾਰ ਰੱਖਦੇ ਹੋਏ 'ਵਰਸਿਟੀ ਦੇ ਕੌਂਸਲਿੰਗ ਸੈਂਟਰਾਂ 'ਚ ਆਨਲਾਈਨ ਅਪੁਆਇੰਟਮੈਂਟ ਲੈ ਕੇ 'ਕਰੀਅਰ ਕਾਊਂਸਲਿੰਗ' ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਬਤੌਰ ਮਾਰਗ ਦਰਸ਼ਕ ਸੇਵਾਵਾਂ ਨਿਭਾਉਣ ਲਈ ਦੇਸ਼ ਵਿਆਪੀ ਪੱਧਰ 'ਤੇ ਵੱਖ-ਵੱਖ 21 ਸੂਬਿਆਂ 'ਚ 'ਕਾਊਂਸਲਿੰਗ ਸੈਂਟਰ' ਸਥਾਪਤ ਕੀਤੇ ਹਨ। ਡਾ. ਬਾਵਾ ਨੇ ਕਿਹਾ ਕਿ ਸੀਬੀਐੱਸਈ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਅਜਿਹੇ 'ਚ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਜਾਣਕਾਰੀ ਹੋਣਾ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਰਾਜਸਥਾਨ, ਆਂਧਰਾ ਪ੍ਰਦੇਸ਼, ਯੂਪੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰਾਖੰਡ, ਮਨੀਪੁਰ, ਤੇਲੰਗਾਨਾ, ਬਿਹਾਰ, ਝਾਰਖੰਡ, ਆਸਾਮ, ਛੱਤੀਸ਼ਗੜ੍ਹ, ਗੁਜਰਾਤ, ਉੜੀਸ਼ਾ ਅਤੇ ਕੇਰਲਾ ਆਦਿ ਸੂਬਿਆਂ 'ਚ 'ਕਾਊਂਸਲਿੰਗ ਸੈਂਟਰ' ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਸੂਬੇ 'ਚ ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ ਅੰਮਿ੍ਤਸਰ ਵਿਖੇ 'ਕੌਂਸਲਿੰਗ ਸੈਂਟਰ' ਮੌਜੂਦ ਹਨ।

ਇਸ ਸਬੰਧੀ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਦਯੋਗ ਦੇ ਹੋ ਰਹੇ ਨਿਰੰਤਰ ਵਿਕਾਸ ਅਤੇ ਤਕਨੀਕੀਆਂ ਤਬਦੀਲੀਆਂ ਕਾਰਨ ਹਮੇਸ਼ਾ ਨਵੇਂ ਖੇਤਰਾਂ ਦਾ ਨਿਰੰਤਰ ਉਭਾਰ ਹੋਇਆ ਹੈ, ਜਿਥੇ ਪੇਸ਼ਵਰਾਂ ਦੀ ਮੰਗ ਵੀ ਬਦਲਦੇ ਸਮੇਂ ਨਾਲ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਸਥਿਤੀਆਂ 'ਚ ਸਕੂਲੀ ਸਿੱਖਿਆ ਤੋਂ ਬਾਅਦ ਵਿਦਿਆਰਥੀਆਂ ਦਾ ਸਹੀ ਸਹੀ ਮਾਰਗ ਦਰਸ਼ਨ ਹੋਣਾ ਲਾਜ਼ਮੀ ਹੈ, ਜਿਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਕਰੀਅਰ ਕੌਂਸਲਿੰਗ ਸੈਂਟਰਾਂ ਦੇ ਮਾਧਿਅਮ ਰਾਹੀਂ ਪਹਿਲਕਦਮੀ ਕੀਤੀ ਹੈ। ਜਿਸ ਦੇ ਸਹਿਯੋਗ ਨਾਲ ਵਿਦਿਆਰਥੀ ਆਪਣੇ ਭਵਿੱਖ ਸਬੰਧੀ ਸਹੀ ਮਾਰਗ ਦੀ ਚੋਣ ਕਰ ਸਕਣਗੇ ਅਤੇ ਆਪਣੇ ਪਸੰਦੀਦਾ ਖੇਤਰ 'ਚ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਭਲੀਭਾਂਤ ਸਮਝ ਸਕਣਗੇ।