ਜਾ.ਸ. ਚੰਡੀਗਡ਼੍ਹ : ਚੰਡੀਗਡ਼੍ਹ ਜ਼ਿਲ੍ਹਾ ਅਦਾਲਤ ਵਿਚ ਜਬਰ ਜਨਾਹ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਜਬਰ ਜਨਾਹ ਪੀਡ਼ਤਾ ਗਰਭਵਤੀ ਹੈ। ਪੀਡ਼ਤਾ ਦੇ ਪੇਟ ਵਿਚ ਪਲ ਰਹੇ ਬੱਚੇ ਦਾ ਡੀਐਨਏ ਦੋਸ਼ੀ ਦੇ ਡੀਐਨਏ ਨਾਲ ਮੈਚ ਨਹੀਂ ਹੋਇਆ। ਇਸ ਰਿਪੋਰਟ ਦੇ ਆਧਾਰ ’ਤੇ ਦੋਸ਼ੀ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ।

ਪੁਲਿਸ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਗੁਆਂਢ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ। ਇਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਅਤੇ ਉਸ ਦੀ ਕੁੱਖ 'ਚ ਬੱਚਾ ਵੀ ਦੋਸ਼ੀ ਦਾ ਹੈ। ਅਦਾਲਤ ਨੇ ਮੁਲਜ਼ਮ ਅਤੇ ਪੀੜਤਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਡੀਐਨਏ ਸੈਂਪਲ ਜਾਂਚ ਲਈ ਭੇਜੇ ਸਨ ਪਰ ਰਿਪੋਰਟ ਵਿੱਚ ਦੋਵਾਂ ਦਾ ਡੀਐਨਏ ਵੱਖਰਾ ਪਾਇਆ ਗਿਆ। ਇਸ ਤੋਂ ਬਾਅਦ ਅਦਾਲਤ ਨੇ ਨੌਜਵਾਨ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ।

ਪੀੜਤਾ ਦਾ ਦੋਸ਼ ਸੀ ਕਿ ਦੋਸ਼ੀ ਨੌਜਵਾਨ ਨੇ ਉਸ ਨਾਲ ਇਕ ਵਾਰ ਨਹੀਂ ਸਗੋਂ ਕਈ ਵਾਰ ਜਬਰ ਜਨਾਹ ਕੀਤਾ। ਨੌਜਵਾਨ ਦਾ ਪੀੜਤਾ ਦੇ ਘਰ ਨੇੜੇ ਬੁਟੀਕ ਸੀ ਅਤੇ ਉਹ ਉਸ ਨੂੰ ਨਵੇਂ ਸੂਟ ਗਿਫਟ ਕਰਨ ਦਾ ਲਾਲਚ ਦਿੰਦਾ ਸੀ। ਇਸ ਤੋਂ ਬਾਅਦ ਦੋਵਾਂ 'ਚ ਦੋਸਤੀ ਹੋ ਗਈ ਅਤੇ ਇਕ ਦਿਨ ਨੌਜਵਾਨ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਵੀ ਕਰ ਦਿੱਤਾ। ਜਦੋਂ ਪੀੜਤਾ ਨੇ ਉਸ ਨੂੰ ਮਨ੍ਹਾ ਕੀਤਾ ਤਾਂ ਉਹ ਜ਼ਬਰਦਸਤੀ ਉਸ ਦੇ ਘਰ ਦਾਖਲ ਹੋ ਗਿਆ ਅਤੇ ਪੀੜਤਾ ਨਾਲ ਜਬਰ ਜਨਾਹ ਕੀਤਾ। ਇਸ ਦੇ ਨਾਲ ਹੀ ਦੋਸ਼ੀ ਨੌਜਵਾਨ ਨੇ ਉਸਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਬਦਨਾਮ ਕਰ ਦੇਵੇਗਾ ਅਤੇ ਉਸਦੇ ਛੋਟੇ ਭਰਾ ਨੂੰ ਮਾਰ ਦੇਵੇਗਾ।

ਪੀੜਤਾ ਦਾ ਬਿਆਨ ਵੱਖ ਵੱਖ

ਪੀੜਤਾ ਨੇ ਪਹਿਲਾਂ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਨੌਜਵਾਨ ਨੇ ਜ਼ਬਰਦਸਤੀ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਨਾਲ ਜਬਰ ਜਨਾਹ ਕੀਤਾ ਪਰ ਬਾਅਦ 'ਚ ਪੀੜਤਾ ਨੇ ਅਦਾਲਤ 'ਚ ਬਿਆਨ ਦਿੱਤਾ ਕਿ ਉਹ ਨੌਜਵਾਨ ਦੇ ਕਹਿਣ 'ਤੇ ਉਸ ਦੇ ਘਰ ਗਈ ਸੀ। ਜਿੱਥੇ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ। ਇਨ੍ਹਾਂ ਦੋਹਾਂ ਗੱਲਾਂ ਦੇ ਆਧਾਰ 'ਤੇ ਨੌਜਵਾਨ ਦੇ ਵਕੀਲ ਨੇ ਨੌਜਵਾਨ ਨੂੰ ਕੇਸ 'ਚੋਂ ਬਰੀ ਕਰਵਾ ਦਿੱਤਾ।

Posted By: Tejinder Thind