ਵਿਸ਼ਾਲ ਪਾਠਕ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਕੁਝ ਜ਼ਰੂਰੀ ਸੋਧਾਂ ਕਰ ਕੇ ਨਵੀਂ ਪੀਜੀ ਪਾਲਿਸੀ ਜਾਰੀ ਕੀਤੀ ਹੈ। ਪੀਜੀ ਦੀ ਨਵੀਂ ਪਾਲਿਸੀ ਮੁਤਾਬਿਕ ਹੁਣ ਹਰੇਕ ਪੀਜੀ ਸੰਚਾਲਕ ਲਈ ਫਾਇਰ ਕਲੀਅਰੈਂਸ ਲੈਣੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਪੀਜੀ ਸੰਚਾਲਕਾਂ ਨੂੰ ਹਰ ਸਾਲ ਆਪਣਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਰਿਨਿਊ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਪੀਜੀ ਸੰਚਾਲਕਾਂ ਨੂੰ ਨੁਕਸਾਨ ਪੂਰਤੀ ਸਰਟੀਫਿਕੇਟ (ਇਨਡੈਮੀਨਿਟੀ ਸਰਟੀਫਿਕੇਟ) ਦੇਣਾ ਪਵੇਗਾ। ਇਨ੍ਹਾਂ ਤਿੰਨ ਕਲੀਅਰੈਂਸ ਬਿਨਾਂ ਸ਼ਹਿਰ 'ਚ ਕੋਈ ਵੀ ਪੀਜੀ ਨਹੀਂ ਚਲਾ ਸਕੇਗਾ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਜਿਹੜੀ ਪਾਲਿਸੀ ਬਣਾਈ ਸੀ, ਉਸ ਵਿਚ ਇਹ ਤਿੰਨੋਂ ਸਰਟੀਫਿਕੇਟ ਲਾਜ਼ਮੀ ਨਹੀਂ ਸਨ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪੀਜੀ ਦੀ ਇਕ ਨਵੀਂ ਪਾਲਿਸੀ ਜਾਰੀ ਕੀਤੀ। ਉਸ ਵਿਚ ਇਨ੍ਹਾਂ ਤਿੰਨਾਂ ਸਰਟੀਫਿਕੇਟ ਤੇ ਕਲੀਅਰੈਂਸ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਬਿਨਾਂ ਪੀਜੀ ਨਹੀਂ ਚਲਾਇਆ ਜਾ ਸਕੇਗਾ।

ਮਕਾਨ ਮਾਲਕ ਨੂੰ ਵੀ ਪੇਇੰਗ ਗੈਸਟਸ ਨਾਲ ਰਹਿਣ ਪਵੇਗਾ

ਨਵੀਂ ਪਾਲਿਸੀ ਮੁਤਾਬਿਕ ਪ੍ਰਸ਼ਾਸਨ ਨੇ ਜਿਸ ਮਕਾਨ 'ਚ ਪੀਜੀ ਚੱਲ ਰਿਹਾ ਹੈ, ਉਸ ਪ੍ਰਾਪਰਟੀ ਦੇ ਮਾਲਕ ਦਾ ਪੀਜੀ ਨਾਲ ਰਹਿਣਾ ਲਾਜ਼ਮੀ ਕਰ ਦਿੱਤਾ ਹੈ। ਪਾਲਿਸੀ ਮੁਤਾਬਿਕ ਰਜਿਸਟ੍ਰੇਸ਼ਨ ਲਈ ਬਿਨੈ ਕਰਨ ਤੋਂ ਬਾਅਦ ਪੀਜੀ ਦੀ ਚੈਕਿੰਗ ਹੋਵੇਗੀ। ਚੈਕਿੰਗ ਦੌਰਾਨ ਮਕਾਨ ਮਾਲਕ ਦਾ ਮੌਜੂਦ ਹੋਣਾ ਲਾਜ਼ਮੀ ਹੈ। ਜੇਕਰ ਮਕਾਨ ਮਾਲਕ ਪੀਜੀ 'ਚ ਨਹੀਂ ਰਹਿੰਦਾ ਹੈ। ਉਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਤੇ ਪੀਜੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਿਨ੍ਹਾਂ ਕੋਲ ਨਹੀਂ ਕਮਰਸ਼ੀਅਲ ਸਰਟੀਫਿਕੇਟ, ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਕਰਵਾਉਣ

ਨਵੀਂ ਪਾਲਿਸੀ ਮੁਤਾਬਿਕ ਜਿਨ੍ਹਾਂ ਪੀਜੀ ਮਾਲਕਾਂ ਕੋਲ ਵਪਾਰਕ ਪ੍ਰਮਾਣ ਪੱਤਰ ਯਾਨੀ ਆਕੂਪੇਸ਼ਨਲ ਸਰਟੀਫਿਕੇਟ ਨਹੀਂ ਹੈ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਨ੍ਹਾਂ ਮਕਾਨ ਮਾਲਕਾਂ ਨੂੰ ਆਕੂਪੇਸ਼ਨਲ ਸਰਟੀਫਿਕੇਟ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਤਿੰਨ ਮਹੀਨਿਆਂ ਅੰਦਰ ਸਰਟੀਫਿਕੇਟ ਮੁਹੱਈਆ ਨਹੀਂ ਕਰਵਾਇਆ ਜਾਂਦਾ ਹੈ ਤਾਂ ਇਨ੍ਹਾਂ ਪੀਜੀ ਸੰਚਾਲਕਾਂ ਦੀ ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਜਾਵੇਗੀ।

ਇਕ ਮਹੀਨੇ ਅੰਦਰ ਫਾਇਰ ਕਲੀਅਰੈਂਸ ਕਰਵਾਉਣੀ ਜ਼ਰੂਰੀ

ਪ੍ਰਸ਼ਾਸਨ ਨੇ ਪੀਜੀ ਨੂੰ ਲੈ ਕੇ ਬਣਾਈ ਪਾਲਿਸੀ 'ਚ ਜਿੱਥੇ ਫਾਇਰ ਕਲੀਅਰੈਂਸ ਨੂੰ ਲਾਜ਼ਮੀ ਕਰ ਦਿੱਤਾ ਹੈ ਉੱਥੇ ਹੀ ਪੀਜੀ ਸੰਚਾਲਕਾਂ ਨੂੰ ਫਾਇਰ ਕਲਿਅਰੈਂਸ ਲੈਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਇਕ ਮਹੀਨੇ ਦੀ ਫਾਇਰ ਕਲਿਅਰੈਂਸ ਲਈ ਸਮਾਂ ਦੇ ਕੇ ਪੀਜੀ ਸੰਚਾਲਕਾਂ ਨੂੰ ਉਦੋਂ ਤਕ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ।

ਜਲਦ ਆਨਲਾਈਨ ਸ਼ੁਰੂ ਹੋਵੇਗੀ ਪੀਜੀ ਦੀ ਰਜਿਸਟ੍ਰੇਸ਼ਨ

ਡੀਸੀ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫ਼ਿਲਹਾਲ ਡੀਸੀ ਦਫ਼ਤਰ ਦੇ ਗਰਾਊਂਡ ਫਲੋਰ 'ਤੇ ਪੀਜੀ ਦੀ ਰਜਿਸਟ੍ਰੇਸ਼ਨ ਲਈ ਹੈਲਪ ਡੈਸਕ ਬਣਾਇਆ ਹੈ ਜਿਹੜਾ ਕਿ ਸਵੇਰੇ ਨੌਂ ਤੋਂ ਸ਼ਾਮ ਪੰਜ ਵਜੇ ਤਕ ਖੁੱਲ੍ਹੇਗਾ। ਇਹ ਹੈਲਪ ਡੈਸਕ ਫਿਲਹਾਲ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਖੁੱਲ੍ਹੇਗਾ। ਲੋਕ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਪੀਜੀ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਡੀਸੀ ਨੇ ਦੱਸਿਆ ਜਲਦ ਹੀ ਪੀਜੀ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕ ਘਰ ਬੈਠੇ ਹੀ ਪੀਜੀ ਦੀ ਰਜਿਸਟ੍ਰੇਸ਼ਨ ਕਰਵਾ ਸਕਣ।

Posted By: Seema Anand