ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ:

ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਹਰਵਿੰਦਰ ਸਿੰਘ ਖਨੌੜਾ ਨੇ ਅੱਜ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਿਟਡ ਫੇਜ਼-1 ਵਿਖੇ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ, ਜਿਨ੍ਹਾਂ 'ਚੋਂ 4 ਉਮੀਦਵਾਰ ਕਲਰਕ, 2 ਸੇਵਾਦਾਰ, 2 ਨੂੰ ਟੀ- ਮੇਟ ਅਤੇ 1 ਨੂੰ ਚੌਕੀਦਾਰ ਤਹਿਤ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਚੇਅਰਮੈਨ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਨਵੇਂ ਨਿਯੁਕਤ ਕੀਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਨੇ ਕਿਹਾ ਕਿ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਅਤੇ ਹੁਣ ਇਨ੍ਹਾਂ ਕਰਮਚਾਰੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪੂਰੀ ਤਨਦੇਹੀ, ਸੁਹਿਰਦਤਾ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਲੋਕਾਂ ਦੀ ਸੇਵਾ ਕਰਨ ਕਿਉਂ ਜੋ ਸਰਕਾਰੀ ਨੌਕਰੀ 'ਚ ਆਉਣ ਤੋਂ ਬਾਅਦ ਵਿਅਕਤੀ ਦੀ ਜ਼ਿੰਮੇਵਾਰੀ ਕਈ ਗੁਣਾ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਵਿਭਾਗ ਵੱਲੋਂ ਟਿਊਬਵੈੱਲ ਆਪਰੇਟਰ, ਕਲਰਕ, ਸਟੈਨੋ, ਐਕਸੀਅਨ ਪੱਧਰ ਦੀਆ ਅਸਾਮੀਆਂ ਲਈ ਵੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕੁਝ ਅਰਜ਼ੀਆਂ ਤਰਸ ਦੇ ਆਧਾਰ 'ਤੇ ਨੌਕਰੀ ਲੈਣ ਪ੍ਰਕਿਰਿਆ ਅਧੀਨ ਹਨ ਜੋ ਕਿ ਵਿਭਾਗ ਵੱਲੋਂ ਪਹਿਲ ਦੇ ਆਧਾਰ 'ਤੇ ਜਲਦ ਹੀ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਮੌਕੇ ਮੈਨੇਜਿੰਗ ਡਰਾਇਰੈਕਟ ਅਰਵਿੰਦਰ ਸਿੰਘ ਸੋਹਲ, ਪ੍ਰਰਾਈਵੇਟ ਸੈਕਟਰੀ ਅਜੈ ਸ਼ਰਮਾ, ਰਾਜ ਸ਼ਰਮਾ ਐਕਸੀਅਨ ਅਤੇ ਵਿਭਾਗ ਦੇ ਕਈ ਹੋਰ ਅਧਿਕਾਰੀਆਂ ਮੌਜੂਦ ਸਨ।