ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਨਿਗੂਣਾ ਵਾਧਾ ਗੈਰ ਵਾਜ਼ਬ ਹੈ ਅਤੇ ਇਸ ਨਾਲ ਕੇਂਦਰ ਨੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਜ਼ਖਮਾਂ ਉਤੇ ਮੱਲਮ ਲਾਉਣ ਦੀ ਬਜਾਏ ਲੂਣ ਛਿੜਕਿਆ ਹੈ।

ਕੈਪਟਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਿਰੰਤਰ ਨਾਕਾਮ ਰਹਿਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਵਿਚ ਲੱਗੀ ਕੇਂਦਰ ਦੀ ਕਿਸਾਨ ਵਿਰੋਧੀ ਸਰਕਾਰ ਦੀ ਆਲੋਚਨਾ ਕੀਤੀ। ਬੀਤੇ ਇਕ ਸਾਲ ਦੌਰਾਨ ਡੀਜਲ ਅਤੇ ਹੋਰ ਲਾਗਤਾਂ ਵਿਚ ਹੋਏ ਭਾਰੀ ਵਾਧੇ ਦਾ ਜਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਮਰਥਨ ਮੁੱਲ ਵਿਚ ਚਾਰ ਫੀਸਦੀ ਤੋਂ ਵੀ ਘੱਟ ਕੀਤਾ ਗਿਆ ਵਾਧਾ ਖੇਤੀ ਲਾਗਤਾਂ ਵਿਚ ਹੋਏ ਵਾਧੇ ਦੀ ਪੂਰਤੀ ਲਈ ਨਾਕਾਫੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਜਿਨ੍ਹਾਂ ਵਿਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਫਸਲ ਦੇ ਉਤਪਾਦਨ ਦੀ ਕੁੱਲ ਔਸਤ ਲਾਗਤ ਦੀ 50 ਫੀਸਦੀ ਤੋਂ ਵੱਧ ਹੋਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਤਾੜਨਾ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਮਹਾਮਾਰੀ ਦੇ ਸਮੇਂ ਦੌਰਾਨ ਵੀ ਇਹ ਯਕੀਨੀ ਬਣਾਇਆ ਕਿ ਸਰਕਾਰ ਲਈ ਖੇਤੀਬਾੜੀ ਸਭ ਤੋਂ ਵੱਡਾ ਮਾਲੀਆ ਪੈਦਾ ਕਰਨਾ ਵਾਲਾ ਸੈਕਟਰ ਹੈ ਅਤੇ ਕਿਸਾਨਾਂ ਪ੍ਰਤੀ ਕੇਂਦਰ ਦਾ ਉਦਾਸੀਨ ਰਵੱਈਆ ਦੇਸ਼ ਦੇ ਹਿੱਤਾਂ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ, ‘ਇਹ ਰਵੱਈਆ ਭਾਰਤ ਨੂੰ ਮੁੜ ਹਰੀ ਕ੍ਰਾਂਤੀ ਤੋਂ ਪਹਿਲਾਂ ਵਾਲੇ ਦੌਰ ਵਿਚ ਧੱਕ ਦੇਵੇਗਾ ਜੋ ਸਾਨੂੰ ਸਾਡੇ ਲੋਕਾਂ ਦੀਆਂ ਭੋਜਨ ਨਾਲ ਸਬੰਧਤ ਲੋੜਾਂ ਦੀ ਪੂਰਤੀ ਕਰਨ ਲਈ ਮੁੜ ਠੂਠ ਫੜਨ ਲਈ ਮਜਬੂਰ ਕਰ ਦੇਵੇਗਾ।’

Posted By: Jagjit Singh