ਸੁਰਜੀਤ ਸਿੰਘ ਕੋਹਾੜ, ਲਾਲੜੂ : ਸੀਐੱਚਸੀ ਲਾਲੜੂ ਵਿਖੇ ਡਿਪਟੀ ਡਾਇਰੈਕਟਰ-ਕਮ- ਸਿਵਲ ਸਰਜਨ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐੱਸਐੱਮਓ ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਨਾਜਾਇਜ਼ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਦਿਆਂ ਡਾ. ਕੌਸ਼ਿਕ ਨੇ ਕਿਹਾ ਕਿ ਨਸ਼ਿਆਂ ਦੀ ਤਸ਼ਕਰੀ ਸਬੰਧੀ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪਵੇਗਾ ਤਾਂ ਜੋ ਸਮਾਜ 'ਚ ਵੱਧ ਰਹੇ ਨਸ਼ਿਆਂ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨਸ਼ਾ ਛੁਡਾਊ ਪ੍ਰਣਾਲੀ ਸਬੰਧੀ ਲੋਕਾਂ ਦੇ ਸ਼ੰਕੇ ਦੂਰ ਕਰਦਿਆਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਦੀਆਂ ਸੁਭਾਵਿਕ, ਸਰੀਰਿਕ ਤੇ ਮਾਨਸਿਕ ਨਿਸ਼ਾਨੀਆਂ ਆਮ ਵਿਅਕਤੀ ਤੋਂ ਵੱਖ ਹੁੰਦੀਆਂ ਹਨ। ਉਨ੍ਹਾਂ ਸੀਐੱਚਸੀ ਲਾਲੜੂ, ਪੀਐੱਚਸੀ ਬਸੌਲੀ ਤੇ ਸੀਐੱਚਸੀ ਅੰਟਾਲਾ 'ਚ ਚਲ ਰਹੇ ਆਊਟਪੇਸੈਂਟ ਓਪੀਅੌਡ ਅਸਿਸਟਿਡ ਟਰੀਟਮੈਂਟ ਸੈਂਟਰਾਂ ਬਾਰੇ ਵੀ ਜਾਣੂ ਕਰਵਾਇਆ।

ਡਾ. ਕੌਸ਼ਿਕ ਨੇ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਦਾ ਮੈਂਬਰ ਨਸ਼ੇ ਦਾ ਆਦੀ ਹੈ ਤਾਂ ਉਸ ਦੇ ਪਰਿਵਾਰ ਵੱਲੋਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਤੇ ਇਸ ਸਬੰਧੀ ਫੀਲਡ 'ਚ ਕੰਮ ਕਰ ਰਹੇ ਸਟਾਫ਼ ਨੂੰ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਯੂਨੀਵਰਸਲ ਕਾਲਜ ਦੀਆਂ ਨਰਸਿੰਗ ਕਰ ਰਹੀਆਂ ਵਿਦਿਆਰਥਣਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅੰਸ਼ੂ ਗਰਗ, ਹਰਲੀਨ ਕੌਰ, ਸਿਹਤ ਕਰਮਚਾਰੀ ਹਰਮੇਲ ਸਿੰਘ, ਹਰਪ੍ਰਰੀਤ ਸਿੰਘ, ਰਾਜਿੰਦਰ ਸਿੰਘ ਤੇ ਗੀਤਾ ਸੈਣੀ ਆਦਿ ਵੀ ਹਾਜ਼ਰ ਸਨ।