ਚੰਡੀਗੜ੍ਹ : ਸੈਕਟਰ 22 ਸਥਿਤ ਪੀਜੀ ਹਾਊਸ 'ਚ ਰਹਿਣ ਵਾਲੀ ਫਾਜ਼ਿਲਕਾ ਨਿਵਾਸੀ ਦੋ ਸਕੀਆਂ ਭੈਣਾਂ ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਦੀ ਹੱਤਿਆ ਮਾਮਲੇ 'ਚ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੁਲਦੀਪ ਤੋਂ ਪੁਲਿਸ ਹੱਤਿਆ ਦੀ ਵਜ੍ਹਾ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਦੇ ਰਾਜ਼ ਨੂੰ ਖੁੱਲ੍ਹਵਾਉਣ 'ਚ ਲੱਗੀ ਹੈ।

ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਕੁਲਦੀਪ ਨੂੰ ਸ਼ੱਕੀ ਮੰਨਦੇ ਹੋਏ ਵੀਰਵਾਰ ਦੇਰ ਰਾਤ ਰਾਊਂਡਅਪ ਕੀਤਾ ਸੀ, ਪਰ ਹੱਤਿਆ ਕਰਨ ਦੇ ਕਈ ਪਹਿਲੂ ਮਿਲਣ ਤੋਂ ਬਾਅਦ ਕੁਲਦੀਪ ਨੇ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਹੱਤਿਆ ਦੀ ਧਾਰਾ ਤਹਿਤ ਕੁਲਦੀਪ ਦੀ ਗ੍ਰਿਫ਼ਤਾਰੀ ਦਿਖਾਈ। ਵਾਰਦਾਤ 'ਚ ਕੁਲਦੀਪ ਨਾਲ ਕੋਈ ਹੋਰ ਵੀ ਸਾਮਲ ਮੰਨਿਆ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਪੁੱਛਗਿੱਛ ਤਕ ਕੁਝ ਵੀ ਬੋਲਣ ਤੋਂ ਸਪੱਸ਼ਟ ਇਨਕਾਰ ਕਰ ਰਹੀ ਹੈ।

ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਰਾਜ਼

ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਦੀ ਮੁੱਢਲੀ ਜਾਂਚ 'ਚ ਪੀਜੀ ਹਾਊਸ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ 'ਚ ਲੜਕੀਆਂ ਦਾ ਦੋਸਤ ਦੱਸਿਆ ਜਾਣ ਵਾਲਾ ਕੁਲਦੀਪ ਸਵੇਰੇ ਅੰਦਰ ਜਾਂਦੇ ਅਤੇ ਕਾਫ਼ੀ ਚਿਰ ਬਾਅਦ ਬਾਹਰ ਆਉਂਦੇ ਹੋਏ ਕਦੈ ਹੋ ਗਿਆ ਸੀ, ਜਿਸ ਤੋਂ ਬਾਅਦ ਕੁਲਦੀਪ ਆਪਣਾ ਨੰਬਰ ਬੰਦ ਕਰਕੇ ਫ਼ਰਾਰ ਸੀ। ਪੁਲਿਸ ਨੇ ਮੋਬਾਈਲ ਲੋਕੇਸ਼ਨ ਤੇ ਕੁਝ ਸਬੰਧਤ ਲੋਕਾਂ ਤੋਂ ਪੁੱਛਗਿੱਛ ਦੇ ਬਾਅਦ ਕੁਲਦੀਪ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਆਖ਼ਰਕਾਰ ਪੁਲਿਸ ਨੇ ਕੁਲਦੀਪ ਨੂੰ ਹੱਤਿਆ ਦੀ ਧਾਰਾ ਤਹਿਤ ਗ੍ਰਿਫ਼ਤਾਰ ਕਰ ਲਿਆ।

Posted By: Seema Anand