ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਜਿਵੇਂ-ਜਿਵੇਂ ਤਾਪਮਾਨ ਵੱਧ ਰਿਹਾ ਹੈ ਉਵੇਂ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਜਵਾਹਰਪੁਰ ਤੋਂ ਬਾਅਦ ਨਗਰ ਕੌਂਸਲ ਤਹਿਤ ਪੈਂਦੇ ਪਿੰਡ ਦੇਵੀਨਗਰ ਵਿਖੇ ਸਵੇਰੇ ਕਰੀਬ 6 ਵਜੇ ਡੰਗਰਾਂ ਦੇ ਵਾੜੇ 'ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਟੋਕਾ ਕਰਨ ਵਾਲੀ ਮਸ਼ੀਨ ਦੀ ਮੋਟਰ, ਤਿੰਨ ਪਹੀਆ ਰਿਕਸ਼ਾ ਰੇਹੜੀ, ਡੰਗਰਾਂ ਦੇ ਖਾਣ ਲਈ ਤੂੜੀ ਅਤੇ ਪਰਾਲੀ ਸਮੇਤ ਛੱਪਰ ਅੱਗ 'ਚ ਸੜ ਗਿਆ। ਪਿੰਡ ਵਾਸੀਆਂ ਅਤੇ ਫ਼ਾਇਰ ਬਿ੍ਗੇਡ ਦੀ ਟੀਮ ਨੇ ਰਲ ਕੇ ਅੱਗ 'ਤੇ ਕਰੀਬ ਪੌਣੇ ਘੰਟੇ ਦੀ ਜਦੋਂ ਜਹਿਦ ਮਗਰੋਂ ਕਾਬੂ ਪਾਇਆ। ਅੱਗ ਦੀ ਇਸ ਘਟਨਾ ਦੌਰਾਨ ਸਭ ਤੋਂ ਵੱਡਾ ਬਚਾਅ ਪਸ਼ੂਆਂ ਦਾ ਰਿਹਾ ਜੋ ਛੱਪਰ ਤੋਂ ਬਾਹਰ ਖੜ੍ਹੇ ਸਨ। ਮਿਲੀ ਜਾਣਕਾਰੀ ਮੁਤਾਬਕ ਜਗਤਾਰ ਸਿੰਘ ਸਵੇਰ ਵੇਲੇ ਆਪਣੇ ਪਸ਼ੂਆਂ ਦੇ ਵਾੜੇ 'ਚ ਡੰਗਰਾਂ ਨੂੰ ਖੁਰਲੀ 'ਚ ਚਾਰ ਪਾ ਰਿਹਾ ਸੀ। ਇਸ ਦੌਰਾਨ ਬਿਜਲੀ ਦੇ ਸ਼ਾਟ ਸ਼ਰਕਟ ਨਾਲ ਉਥੇ ਪਈ ਪਰਾਲੀ ਨੂੰ ਅੱਗ ਲੱਗ ਗਈ। ਜਗਤਾਰ ਸਿੰਘ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਨੇ ਵਾੜੇ 'ਚ ਪਏ ਸਾਰੇ ਸਮਾਨ ਨੂੰ ਲਪੇਟ 'ਚ ਲੈ ਲਿਆ। ਅੱਗ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਤਰ ਹੋ ਗਏ। ਜਿਨ੍ਹਾਂ ਨੇ ਅੱਗ ਨੂੰ ਬਝਾਉਣ ਲਈ ਸਾਂਝਾ ਉਪਰਾਲਾ ਕੀਤਾ। ਫ਼ਾਇਰ ਬਿ੍ਗੇਡ ਦੀ ਵੀ ਸੂਚਨਾ ਮਿਲਣ 'ਤੇ ਪਹੰੁਚ ਗਈ ਸੀ। ਪਰੰਤੂ ਉਦੋਂ ਤੱਕ ਕਾਫ਼ੀ ਹੱਦ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਪੀੜਤ ਨੇ ਦੱਸਿਆ ਕਿ ਉਸਦਾ ਵਾੜਾ 'ਚ ਪਾਇਆ ਪਸ਼ੂਆਂ ਲਈ ਛੱਪਰ ਵੀ ਸੜ੍ਹ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ।