ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਓਮੈਕਸ ਕੰਪਨੀ ਦੇ ਸੀਐੱਮਡੀ ਤੇ ਡਾਇਰਕੈਟਰਾਂ ਦੇ ਖ਼ਿਲਾਫ਼ ਮੋਹਾਲੀ ਪੁਲਿਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਮੁਲਜ਼ਮ ਨੇ ਸਰਕਾਰੀ ਜ਼ਮੀਨ 'ਤੇ ਫਲੈਟ ਬਣਾ ਕੇ ਸ਼ਿਕਾਇਤਕਰਤਾ ਨੂੰ ਵੇਚ ਦਿੱਤੇ। ਨਿਊ ਚੰਡੀਗੜ੍ਹ ਤਹਿਤ ਆਉਂਦੇ ਮੁੱਲਾਂਪੁਰ ਥਾਣੇ 'ਚ ਓਮੈਕਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰੋਹਿਤਾਂਸ਼ ਗੋਇਲ, ਡਾਇਰੈਕਟਰ ਭੁਪਿੰਦਰ ਸਿੰਘ, ਡਾਇਰੈਕਟਰ ਕਮਲ ਕਿਸ਼ੋਰ ਗੁਪਤਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ, 420, 406, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਇਹ ਮਾਮਲਾ ਜ਼ਿਲ੍ਹਾ ਰੋਪੜ ਨਿਵਾਸੀ ਮਨਪ੍ਰੀਤ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਓਮੈਕਸ ਕੰਪਨੀ ਤੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਦੀ ਉਸ ਜ਼ਮੀਨ ਉੱਤੇ ਫਲੈਟ ਦਿਖਾ ਕੇ ਵੇਚ ਦਿੱਤੇ ਜੋ ਅਜੇ ਸਰਕਾਰੀ ਜ਼ਮੀਨ ਹੈ। ਇਸ ਜ਼ਮੀਨ ਦਾ ਹਾਲੇ ਤਾਈਂ ਚੇਂਜ ਆਫ ਲੈਂਡ ਯੂਜ (ਸੀਏਲਿਊ) ਨਹੀਂ ਹੋਇਆ ਹੈ। ਮਨਪ੍ਰੀਤ ਨੇ ਇਹ ਸ਼ਿਕਾਇਤ ਮੋਹਾਲੀ ਦੇ ਐੱਸਐੱਸਪੀ ਨੂੰ ਦਿੱਤੀ ਤਾਂ ਮਾਮਲੇ ਦੀ ਜਾਂਚ ਡੀਐੱਸਪੀ ਖਰੜ ਨੂੰ ਸੌਂਪੀ ਗਈ। ਡੀਐੱਸਪੀ ਖਰੜ ਤੋਂ ਜ਼ਰੂਰੀ ਦਸਤਾਵੇਜ਼ ਗਮਾਡਾ ਤੋਂ ਲਏ ਗਏ। ਜਾਂਚ ਵਿਚ ਪਾਇਆ ਗਿਆ ਕਿ ਜਿਸ ਜ਼ਮੀਨ 'ਤੇ ਫਲੈਟ ਦੱਸ ਕੇ ਮਨਪ੍ਰੀਤ ਸਿੰਘ ਨੂੰ ਵੇਚੇ ਗਏ, ਓਮੈਕਸ ਉਸ 'ਤੇ ਫਲੈਟ ਵੇਚ ਹੀ ਨਹੀਂ ਸਕਦਾ। ਜਿਸ ਤੋਂ ਬਾਅਦ ਓਮੈਕਸ ਦੇ ਸੀਐੱਮਡੀ ਤੇ ਡਾਇਰੈਟਕਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

ਜਾਂਚ ਵਿਚ ਪਾਇਆ ਗਿਆ ਹੈ ਕਿ ਓਮੈਕਸ ਵਲੋਂ ਮਨਪ੍ਰੀਤ ਤੋਂ ਪ੍ਰਾਪਰਟੀ ਦੇ ਪੈਸੇ ਲੈ ਲਏ ਗਏ। ਇਸ ਪ੍ਰਾਪਰਟੀ ਦਾ ਗਮਾਡਾ ਨੇ ਸੀਏਲਿਊ ਨਹੀਂ ਕੀਤਾ ਹੈ ਉਸਨੂੰ ਮਨਪ੍ਰੀਤ ਸਿੰਘ ਦੇ ਨਾਂ ਉੱਤੇ ਟਰਾਂਸਫਰ ਕਰ ਦਿੱਤਾ ਗਿਆ। ਮਨਪ੍ਰੀਤ ਨੇ ਕਿਹਾ ਕਿ ਓਮੈਕਸ ਨੇ ਗ਼ਲਤ ਜ਼ਮੀਨ ਉਨ੍ਹਾਂ ਦੇ ਨਾਂ 'ਤੇ ਕਰਵਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ। ਇਸ ਮਾਮਲੇ ਦੀ ਜਾਂਚ ਵਿਚ ਮੋਹਾਲੀ ਪੁਲਿਸ ਨੂੰ ਅੱਠ ਮਹੀਨੇ ਦਾ ਵਕਤ ਲਗਾ। ਸ਼ਨਿੱਚਰਵਾਰ ਦੇਰ ਰਾਤ ਮੋਹਾਲੀ ਪੁਲਿਸ ਨੇ ਮੁੱਲਾਂਪੁਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ। ਅਗਲੀ ਕਾਰਵਾਈ ਤਹਿਤ ਓਮੈਕਸ ਦੇ ਸੀਐੱਮਡੀ ਅਤੇ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਨਿਊ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਦੀ ਤਰਜ 'ਤੇ ਵਸਾਇਆ ਜਾ ਰਿਹਾ ਹੈ। ਜਿੱਥੇ ਕਈ ਨਾਮੀ ਰਿਸਰਚ ਸੈਂਟਰ ਤੇ ਨਵੇਂ ਵਿੱਦਿਅਕ ਅਦਾਰੇ ਆ ਰਹੇ ਹਨ।

Posted By: Jagjit Singh