ਸਟੇਟ ਬਿਊਰੋ, ਚੰਡੀਗਡ਼੍ਹ : ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਰਹੀ ਪੰਜਾਬ ਪੁਲਿਸ ਖਿਲਾਫ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਹੁੰਚ ਗਿਆ ਹੈ। ਹਾਈਕੋਰਟ ’ਚ ਪਟੀਸ਼ਨ ਦਾਇਰ ਕਰਦੇ ਹੋਏ 2 ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਗਏ ਹਨ ਤੇ ਬਾਅਦ ’ਚ ਇਨ੍ਹਾਂ ਦੇ ਆਧਾਰ ’ਤੇ ਇਕ ਐੱਫਆਈਆਰ ਦਰਜ ਕਰਵਾ ਦਿੱਤੀ ਗਈ। ਹਾਈ ਕੋਰਟ ਨੇ ਚੰਡੀਗਡ਼੍ਹ ਪ੍ਰਸ਼ਾਸਨ ਨੂੰ ਦੋਵਾਂ ਪਟੀਸ਼ਨਰਾਂ ਨੂੰ ਪ੍ਰੋਟੈਕਸ਼ਨ ਹੋਮ ਭੇਜਣ ਦੇ ਹੁਕਮ ਕੀਤੇ ਹਨ।

ਦਰਖ਼ਾਸਤਕਾਰ ਹਸਨਦੀਪ ਸਿੰਘ ਤੇ ਕਿਰਪਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇਕ ਹੋਰ ਔਰਤ ਦੀ ਸ਼ਿਕਾਇਤ ’ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਦੇ ਸਹੁਰੇ ਦੀ ਅਰਜ਼ੀ ’ਤੇ ਵੱਖਰੇ ਤੌਰ ’ਤੇ ਜਾਂਚ ਕੀਤੀ ਗਈ ਤੇ ਐੱਸਪੀ (ਪੀਬੀਆਈ) ਕਰਨਵੀਰ ਸਿੰਘ ਨੇ ਆਪਣੀ ਜਾਂਚ ਵਿਚ ਸਹੁਰੇ ਨੂੰ ਬੇਕਸੂਰ ਪਾਇਆ। ਮਾਰਚ 2022 ਵਿਚ ਸਰਕਾਰ ਬਦਲ ਗਈ ਤੇ ਸੰਗਰੂਰ ਵਿਚ ਨਵਾਂ ਐੱਸਐੱਸਪੀ ਲਾ ਦਿੱਤਾ ਗਿਆ। ਦਰਖਾਸਤਕਰਤਾਵਾਂ ਮੁਤਾਬਕ ਉਨ੍ਹਾਂ ਨੂੰ ਸੀਆਈਏ ਸਟਾਫ਼ ਥਾਣੇ ਵਿਚ ਬੁਲਾਇਆ ਗਿਆ। ਦੋਵਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ। ਇਸ ਦੌਰਾਨ ਕੁਝ ਖਾਲੀ ਪੰਨਿਆਂ ’ਤੇ ਉਸ ਦੇ ਦਸਤਖ਼ਤ ਕਰਵਾ ਲਏ ਗਏ ਸਨ। ਪਟੀਸ਼ਨਰਾਂ ਨੇ ਪੁਲਿਸ ਤੋਂ ਆਪਣੀ ਜਾਨ ਨੂੰ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਸੁਰੱਖਿਆ ਲਈ ਹਾਈ ਕੋਰਟ ਤਕ ਪਹੁੰਚ ਕੀਤੀ ਸੀ।

Posted By: Seema Anand