ਜੇਐੱਨਐੱਨ, ਚੰਡੀਗੜ੍ਹ: ਕੈਰੀ ਬੈਗ ਦੇ ਨਾਂ 'ਤੇ ਖਪਤਕਾਰਾਂ ਕੋਲੋਂ ਵਾਧੂ ਰਾਸ਼ੀ ਵਸੂਲਣ ਦਾ ਕੰਮ ਅਜੇ ਵੀ ਜ਼ੋਰਾਂ 'ਤੇ ਹੈ। ਇਸ ਵਾਰ ਚੰਡੀਗੜ੍ਹ ਜ਼ਿਲ੍ਹਾ ਉਪਭੋਗਤਾ ਕਮਿਸ਼ਨ 'ਚ ਪੰਚਕੂਲਾ ਸੈਕਟਰ-5 ਸਥਿਤ ਵਿਸ਼ਾਲ ਮੈਗਾ ਮਾਰਟ ਖਿਲਾਫ ਕਮਿਸ਼ਨ 'ਚ ਸ਼ਿਕਾਇਤ ਦੀ ਸੁਣਵਾਈ ਹੋਈ। ਵਿਸ਼ਾਲ ਮੈਗਾ ਮਾਰਟ ਨੇ ਖਪਤਕਾਰ ਕੋਲੋਂ ਕੈਰੀ ਬੈਗ ਦੇ ਨਾਂ 'ਤੇ 18 ਰੁਪਏ ਵਾਧੂ ਲਏ ਸੀ। ਉਥੇ ਹੀ, ਖਪਤਕਾਰ ਵੱਲੋਂ ਇਸ ਗੱਲ ਦਾ ਵਿਰੋਧ ਕਰਨ 'ਤੇ ਵਿਸ਼ਾਲ ਮੈਗਾ ਮਾਰਟ ਦੇ ਸੇਲ ਐਗਜੀਕਿਊਟਿਵ ਵੱਲੋਂ ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਸੈਕਟਰ-38 ਸਥਿਤ ਡੱਡੂਮਾਜਰਾ ਕਾਲੋਨੀ ਦੇ ਰਹਿਣ ਵਾਲੇ ਸ਼ੈਲੇਂਦਰ ਕੁਮਾਰ ਨੇ 13 ਅਗਸਤ 2021 ਨੂੰ ਕਮਿਸ਼ਨ 'ਚ ਸ਼ਿਕਾਇਤ ਦਿੱਤੀ ਸੀ। ਸੁਣਵਾਈ ਕਰਦੇ ਹੋਏ ਕਮਿਸ਼ਨ ਵੱਲੋਂ ਵਿਸ਼ਾਲ ਮੈਗਾ ਮਾਰਟ 'ਤੇ 500 ਰੁਪਏ ਹਰਜਾਨਾ ਲਾਇਆ ਗਿਆ ਤੇ 2100 ਰੁਪਏ ਮੁਕੱਦਮੇਬਾਜ਼ੀ ਦੇ ਖਰਚ ਦੇ ਰੂਪ 'ਚ ਜਮ੍ਹਾਂ ਕਰਨ ਦਾ ਆਦੇਸ਼ ਦਿੱਤਾ। ਉਥੇ ਹੀ, ਕਮਿਸ਼ਨ ਨੇ ਕੈਰੀ ਬੈਗ ਦੇ ਨਾਂ 'ਤੇ ਲਏ ਗਏ 18 ਰੁਪਏ ਵੀ ਵਾਪਸ ਕਰਨ ਨੂੰ ਕਿਹਾ। ਜੇਕਰ ਵਿਸ਼ਾਲ ਮੈਗਾ ਮਾਰਟ ਇਕ ਮਹੀਨੇ 'ਚ ਇਹ ਰਾਸ਼ੀ ਸ਼ਿਕਾਇਤਕਰਤਾ ਨੂੰ ਨਹੀਂ ਦਿੰਦੀ ਤਾਂ ਫਿਰ ਉਸ ਨੂੰ ਸਾਰੀ ਰਾਸ਼ੀ 9 ਫੀਸਦੀ ਪ੍ਰਤੀ ਸਾਲ ਵਿਆਜ ਦੇ ਨਾਲ ਦੇਣੀ ਹੋਵੇਗੀ।

ਇਹ ਸੀ ਮਾਮਲਾ

ਸ਼ੈਲੇਂਦਰ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ 9 ਅਗਸਤ 2018 ਨੂੰ ਵਿਸ਼ਾਲ ਮੈਗਾ ਮਾਰਟ 'ਚੋਂ 6407 ਰੁਪਏ 'ਚ ਕੱਪੜੇ ਖਰੀਦੇ ਸੀ। ਇਸ ਦੌਰਾਨ ਜਦੋਂ ਉਹ ਬਿੱਲ ਦੇਣ ਲਈ ਕਾਊਂਟਰ 'ਤੇ ਗਏ ਤਾਂ ਦੇਖਿਆ ਕਿ ਬਿੱਲ 'ਚ 18 ਰੁਪਏ ਕੈਰੀ ਬੈਗ ਦੇ ਜੋੜੇ ਹੋਏ ਸਨ। ਇਸਦੇ ਬਾਅਦ ਸੇਲ ਐਗਜੀਕਿਊਟਿਵ ਨੂੰ ਵਾਧੂ ਰਾਸ਼ੀ ਦੇ ਬਾਰੇ 'ਚ ਬੋਲਿਆ ਪਰ ਐਗਜੀਕਿਊਟਿਵ ਨੇ ਉਸਦੀ ਇਕ ਨਾ ਸੁਣੀ। ਉਨ੍ਹਾਂ ਨੇ ਕਿਹਾ ਕਿ ਪੂਰੇ ਦੁਕਾਨ ਕੰਪਲੈਕਸ 'ਚ ਕਿਤੇ ਵੀ ਇਹ ਨੋਟਿਸ ਨਹੀਂ ਲੱਗਾ ਹੋਇਆ ਸੀ ਕਿ ਕੈਰੀ ਬੈਗ ਦੇ ਲਈ ਵੀ ਪੈਸੇ ਲਏ ਜਾਣਗੇ। ਉਥੇ ਹੀ, ਆਪਣੀ ਲਿਖਤ ਬਿਆਨ 'ਚ ਵਿਸ਼ਾਲ ਮੈਗਾ ਮਾਰਟ ਸਵੀਕਾਰ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਸ਼ਿਕਾਇਤਕਰਤਾ ਨੂੰ ਸਟੋਰ ਦੇ ਵਰਕਰ ਵੱਲੋਂ ਵਿਕਰੀ ਕਾਊਂਟਰ 'ਤੇ ਕੈਰੀ ਬੈਗ ਦੇ ਵੱਖ ਵੱਖ ਤਰ੍ਹਾਂ ਦੇ ਰੇਟ ਦੇ ਬਾਰੇ 'ਚ ਚੰਗੀ ਤਰ੍ਹਾਂ ਨਾਲ ਜਾਣੂ ਕਰਵਾਇਆ ਗਿਆ ਸੀ। ਉਸ ਨੂੰ ਹਰ ਵਿਕਲਪ ਦੇ ਬਾਰੇ 'ਚ ਵੀ ਸੂੁਚਿਤ ਕੀਤਾ ਗਿਆ ਸੀ। ਉਸ ਨੂੰ ਇਥੋਂ ਤਕ ਕਿਹਾ ਗਿਆ ਸੀ ਕਿ ਜੇਕਰ ਉਹ ਇਸ ਨੂੰ ਖਰੀਦਣਾ ਨਹੀਂ ਚਾਹੁੰਦੇ ਤਾਂ ਆਪਣੇ ਖੁਦ ਦਾ ਕੈਰੀ ਬੈਗ ਦੀ ਵਰਤੋਂ ਕਰ ਸਕਦੇ ਹਨ। ਵਿਸ਼ਾਲ ਮੈਗਾ ਮਾਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਖੁਦ ਵਿਕਰੀ ਕਾਮੇ ਕੋਲੋਂ 18 ਰੁਪਏ ਦੇ ਕੈਰੀ ਬੈਗ ਦੀ ਖਰੀਦ ਦੇ ਲਈ ਬੇਨਤੀ ਕੀਤੀ ਤੇ ਸਾਰੇ ਉਪਲਬਧ ਕੈਰੀ ਬੈਗ ਦੇ ਆਕਾਰ ਨੂੰ ਦੇਖਣ ਦੇ ਬਾਅਦ ਚੁਣਿਆ। ਪਰ ਕਮਿਸ਼ਨ ਨੇ ਕੰਪਨੀ ਦੀ ਦਲੀਲ ਨੂੰ ਖਾਰਿਜ ਕਰਦੇ ਹੋਏ ਉਸ 'ਤੇ 500 ਰੁਪਏ ਹਰਜਾਨਾ ਲਾਇਆ।