ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂਟੀ ਵੱਲੋਂ ਦਾਖਾ ਅਤੇ ਮੁਕੇਰੀਆਂ ਦੀਆਂ ਰੈਲੀਆਂ ਦੇ ਐਲਾਨ ਕਾਰਨ ਸਰਕਾਰ ਵੱਲੋਂ ਮੰਚ ਨੂੰ ਗੱਲਬਾਤ ਲਈ ਬੁੱਧਵਾਰ ਨੂੰ ਪੰਜਾਬ ਭਵਨ ਬੁਲਾਇਆ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੰਚ ਦੇ ਕਨਵੀਨਰਾਂ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।

ਮੁਲਾਜ਼ਮਾਂ ਦੀਆਂ ਬਹੁਤੀਆਂ ਮੰਗਾਂ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਾਰਥਕ ਹੱਲ ਕੱਢਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਹਫ਼ਤਾਵਾਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਇਸਦੀ ਸ਼ੁਰੂਆਤ ਵਜੋਂ ਮੰਚ ਨਾਲ 14 ਅਕਤੂਬਰ ਨੂੰ ਪ੍ਰਸੋਨਲ ਅਤੇ ਆਮ ਰਾਜ ਪ੍ਰਬੰਧ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿਚ ਗਰੁੱਪ ਆਫ ਮਨਿਸਟਰਜ਼ ਵੱਲੋਂ 27 ਫਰਵਰੀ 2019 ਨੂੰ ਮੰਨੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ ਨਾਲ ਦੀ ਨਾਲ ਇਨ੍ਹਾਂ ਸਬੰਧੀ ਲੋੜੀਂਦੇ ਪੱਤਰ ਜਾਰੀ ਕਰਵਾਉਣ ਲਈ ਪਹਿਲਕਦਮੀ ਕੀਤਾ ਜਾਵੇਗੀ।

ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿਚ ਮੁਲਾਜ਼ਮ ਯੂਨੀਅਨਾਂ ਦੇ ਆਗੂ ਸੁਖਚੈਨ ਸਿੰਘ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਮੀਟਿੰਗ ਕਰਨ ਆਏ ਸਰਕਾਰੀ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਭਰੋਸਾ ਦਿੱਤਾ ਕਿ ਜਲਦ ਮੰਗਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਰਾਬਤਾ ਕਾਇਮ ਕਰਕੇ ਲੋੜੀਂਦੇ ਪੱਤਰ ਜਾਰੀ ਕਰਵਾਏ ਜਾਣਗੇ।

ਦੱਸਣਯੋਗ ਹੈ ਕਿ ਸਾਂਝਾ ਮੁਲਾਜ਼ਮ ਮੰਚ ਵੱਲੋਂ 14 ਅਕਤੂਬਰ ਨੂੰ ਮੁਕੇਰੀਆਂ ਅਤੇ 16 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਖੇ ਸਰਕਾਰ ਵਿਰੁੱਧ ਜ਼ੋਰਦਾਰ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ। ਸਰਕਾਰੀ ਨੁਮਾਇੰਦਿਆਂ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਅਪੀਲ ਕੀਤੀ ਕਿ ਰੈਲੀਆਂ ਮੁਲਤਵੀ ਕਰ ਦੇਣ।

ਸਾਂਝੇ ਮੰਚ ਵੱਲੋਂ ਸਾਲ 2018 ਤੋਂ ਬਾਅਦ ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਡੀ.ਏ. ਦਾ ਬਕਾਇਆ ਏਰੀਅਰ, 10 ਮਾਰਚ 2019 ਨੂੰ ਜਾਰੀ ਪੱਤਰਾਂ ਰਾਹੀਂ ਬਣਾਈਆਂ ਗਈਆਂ ਕਮੇਟੀਆਂ ਦੀ ਰਿਪੋਰਟ ਪੇਸ਼ ਕਰਵਾਉਣੀ, ਸਾਲ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ, ਡੀਸੀਆਰਜੀ ਆਦਿ ਸਬੰਧੀ ਅਫਸਰਾਂ ਦੇ ਸਨਮੁੱਖ ਮੁਲਾਜ਼ਮਾਂ ਦਾ ਪੱਖ ਬਹੁਤ ਜ਼ੋਰਦਾਰ ਢੰਗ ਨਾਲ ਰੱਖਿਆ ਅਤੇ ਸਰਕਾਰੀ ਅਫਸਰਾਂ ਵੱਲੋਂ ਵੀ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਆਉਣ ਵਾਲੇ ਸਮੇਂ ਵਿਚ ਢੁੱਕਵਾ ਹੱਲ ਕੱਢਣ ਲਈ ਵਚਨਬੱਧਤਾ ਜ਼ਾਹਿਰ ਕੀਤੀ।

ਮੀਟਿੰਗ ਵਿਚ ਸ਼ਾਮਲ ਹੋਏ ਮੁਲਾਜ਼ਮ ਆਗੂਆਂ ਵਿਚ ਮੇਘ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਸਿੱਧੂ, ਬਲਦੇਵ ਸਿੰਘ ਬੁੱਟਰ, ਗੁਰਮੀਤ ਸਿੰਘ ਵਾਲੀਆ, ਗੁਰਨਾਮ ਸਿੰਘ ਵਿਰਕ, ਖੁਸ਼ਵਿੰਦਰ ਕਪਿਲਾ, ਸੁਖਜੀਤ ਸਿੰਘ, ਬਲਰਾਜ ਸਿੰਘ ਦਾਊਂ, ਮਨਜੀਤ ਸਿੰਘ ਰੰਧਾਵਾ, ਕਰਮ ਸਿੰਘ ਧਨੋਆ, ਗੁਰਸ਼ਰਨਜੀਤ ਸਿੰਘ ਹੁੰਦਲ, ਅਮਰ ਬਹਾਦਾਰ ਸਿੰਘ, ਮਨਦੀਪ ਸਿੰਘ ਸਿੱਧੂ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਸੁਸ਼ੀਲ ਕੁਮਾਰ, ਗੁਰਪ੍ਰਰੀਤ ਸਿੰਘ ਗਰਚਾ, ਸੁਖਚੈਨ ਸਿੰਘ ਖਹਿਰਾ ਆਦਿ ਨੇ ਭਾਗ ਲਿਆ।