ਸਟੇਟ ਬਿਊਰੋ, ਚੰਡੀਗੜ੍ਹ : ਮੰਤਰੀਆਂ ਦੇ ਹਲਕਿਆਂ ਵਿਚ ਪਾਰਟੀ ਉਮੀਦਵਾਰ ਦੇ ਹਾਰਨ 'ਤੇ ਮੰਤਰੀਆਂ ਨੂੰ ਕੁਰਸੀ ਖੁੱਸਣ ਦੀ ਚੇਤਾਵਨੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਹੁੰ-ਪਾਸਿਓਂ ਘਿਰਦੇ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਵਿਰੋਧੀ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ ਉਥੇ ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਵੀ ਉਨ੍ਹਾਂ ਨੂੰ ਘੇਰ ਲਿਆ ਹੈ।

ਬਾਜਵਾ ਨੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਟੈਗ ਕਰਦੇ ਹੋਏ ਕੈਪਟਨ ਦੀ ਅਗਵਾਈ 'ਤੇ ਸਵਾਲ ਚੁੱਕਦਿਆਂ ਲਿਖਿਆ ਹੈ ਕਿ ਇਸ ਲਈ ਤਾਂ ਸੂਬੇ ਦਾ ਆਗੂ ਵੀ ਓਨਾ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਮਿਸ਼ਨ 13 ਪੂਰਾ ਨਹੀਂ ਹੁੰਦਾ ਤਾਂ ਸਿਰਫ ਮੰਤਰੀ ਤੇ ਵਿਧਾਇਕ ਹੀ ਨਹੀਂ ਬਲਕਿ ਕੈਪਟਨ ਅਤੇ ਉਨ੍ਹਾਂ ਦੇ ਸੂਬੇ ਦੀ ਅਗਵਾਈ 'ਤੇ ਵੀ ਸਵਾਲੀਆ ਚਿੰਨ੍ਹ ਲੱਗੇਗਾ। ਇਸ ਤੋਂ ਕੈਪਟਨ ਅਤੇ ਬਾਜਵਾ ਦੇ ਰਿਸ਼ਤਿਆਂ ਦੀ ਖਟਾਸ ਦੀ ਝਲਕ ਜੱਗ ਜ਼ਾਹਿਰ ਹੋ ਗਈ।

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਖੁੱਸਣ ਵਾਲੀ ਹੈ ਕਿਉਂਕਿ ਉਹ ਪਟਿਆਲਾ ਸੀਟ ਤੋਂ ਹਾਰਨ ਵਾਲੇ ਹਨ। ਹੁਣ ਬੱਸ ਚੋਣਾਂ ਤੋਂ ਬਾਅਦ ਕੈਪਟਨ ਆਪਣੇ ਬਿਆਨ ਤੋਂ ਨਾ ਮੁਕਰਨ।

ਆਮ ਆਦਮੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਤਾਂ ਕੈਪਟਨ ਤੋਂ ਅਸਤੀਫ਼ਾ ਹੀ ਮੰਗ ਲਿਆ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ ਦੋ ਸਾਲ ਵਿਚ ਕੋਈ ਕੰਮ ਕੀਤਾ ਹੁੰਦਾ ਤਾਂ ਕੈਪਟਨ ਨੂੰ ਅੱਜ ਇਹ ਧਮਕੀ ਦੇਣ ਦੀ ਲੋੜ ਨਾ ਪੈਂਦੀ। ਪਟਿਆਲਾ ਪਹੁੰਚੇ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਕੈਪਟਨ ਵੋਟ ਲਈ ਆਪਣੇ ਹੀ ਨੇਤਾਵਾਂ ਨੂੰ ਡਰਾਉਣ ਧਮਕਾਉਣ ਲੱਗ ਪਏ ਹਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੈਪਟਨ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਖੇਤਰ ਵਿਚੋਂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ ਤੇ ਵਿਧਾਇਕਾਂ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਇਸ ਤੋਂ ਬਾਅਦ ਵਿਰੋਧੀਆਂ ਸਮੇਤ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਉਨ੍ਹਾਂ ਨੂੰ ਘੇਰ ਲਿਆ।