ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ 'ਤੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਅਕਾਲੀ ਲੀਡਰਸ਼ਿਪ ਨੂੰ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੀ ਇਕ ਵੀ ਪ੍ਰਾਪਤੀ ਦੱਸਣ ਲਈ ਵੰਗਾਰਿਆ।

ਅਕਾਲੀਆਂ ਨੂੰ ਫਟਕਾਰ ਲਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀਆਂ ਨੇ ਤਾਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੇ ਪਿਛਲੇ ਕਾਰਜਕਾਲ ਦੌਰਾਨ ਵਿਕਾਸ ਦੀਆਂ ਪਾਈਆਂ ਪੈੜਾਂ ਨੂੰ ਵੀ ਮਲੀਆਮੇਟ ਕਰ ਕੇ ਰੱਖ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਤੇ ਉਸ ਦੀ ਭਾਈਵਾਲ ਭਾਜਪਾ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇਕ ਵੀ ਵਾਅਦਾ ਪੁਗਾਉਣ 'ਚ ਅਸਫ਼ਲ ਰਹੀ। ਕਾਂਗਰਸ ਸਰਕਾਰ ਨੇ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ 'ਚੋਂ ਬਹੁਤਿਆਂ ਨੂੰ ਲਾਗੂ ਕੀਤਾ, ਬਲਕਿ ਸੂਬੇ ਨੂੰ ਮੁੜ ਵਿਕਾਸ ਦੀ ਪਟੜੀ 'ਤੇ ਲਿਆਂਦਾ ਹੈ, ਜਿਸ ਨੂੰ ਪਿਛਲੀ ਸਰਕਾਰ ਨੇ ਲੀਹੋਂ ਲਾਹ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ਤੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਆਖਿਆ ਕਿ ਅਸਲ 'ਚ ਅਕਾਲੀ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ। ਮੁੱਖ ਮੰਤਰੀ ਨੇ ਸਰਕਾਰ ਦੇ ਦਾਅਵਿਆਂ ਦੀ ਤਸਦੀਕ ਲਈ ਤੱਥਾਂ ਦਾ ਹਵਾਲਾ ਦਿੰਦਿਆਂ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ 10 ਸਾਲਾਂ ਦੀ ਕਾਰਗੁਜ਼ਾਰੀ ਦੇ ਮੁਕਾਬਲੇ ਪਿਛਲੇ 30 ਮਹੀਨਿਆਂ 'ਚ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਲਈ ਅਕਾਲੀ ਜ਼ਿੰਮੇਵਾਰ ਹਨ, ਜਦਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਨਾਲ ਬਹੁਤੇ ਵੱਡੇ ਤਸਕਰ ਮਜਬੂਰ ਹੋ ਕੇ ਸੂਬਾ ਛੱਡ ਕੇ ਭੱਜ ਗਏ। ਇਸੇ ਤਰ੍ਹਾਂ ਸਰਕਾਰ ਦੀ ਸਖ਼ਤੀ ਕਾਰਨ 27,744 ਐੱਨਡੀਪੀਐੱਸ ਮਾਮਲੇ ਦਰਜ ਕੀਤੇ ਗਏ, ਜਦਕਿ 33,622 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਨਸ਼ੇ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਵਿਚ ਗ੍ਸਤ ਵਿਅਕਤੀਆਂ ਦੇ ਇਲਾਜ ਤੇ ਮੁੜ ਵਸੇਬੇ ਨੂੰ ਵੀ ਯਕੀਨੀ ਬਣਾਇਆ, ਜਿਸ ਤਹਿਤ ਹੁਣ ਤਕ 178 ਓਪੀਡੀ ਕਲੀਨਿਕਾਂ 'ਚ 87 ਹਜ਼ਾਰ ਨਸ਼ਾ ਪੀੜਤ ਲੋਕ ਇਲਾਜ ਕਰਵਾ ਚੁੱਕੇ ਹਨ।

ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਰਾਸਤ 'ਚ ਦਿੱਤੇ ਖਾਲੀ ਖਜ਼ਾਨੇ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 4700 ਕਰੋੜ ਰੁਪਏ ਦਾ ਖੇਤੀ ਕਰਜ਼ਾ ਮਾਫ ਕੀਤਾ ਅਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਵੱਖ-ਵੱਖ ਸਕੀਮਾਂ ਚਲਾ ਕੇ 9.28 ਲੱਖ ਲੋਕਾਂ ਨੂੰ ਲਾਭ ਪਹੁੰਚਾਇਆ। ਹਰ ਮੁਹਾਜ਼ 'ਤੇ ਪੰਜਾਬ ਨੂੰ ਤਬਾਹ ਕਰ ਦੇਣ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਅਕਾਲੀਆਂ ਨੂੰ ਉਨ੍ਹਾਂ (ਕੈਪਟਨ) ਦੀ ਸਰਕਾਰ ਦੇ ਉਪਰਾਲਿਆਂ ਅਤੇ ਪਹਿਲਕਦਮੀਆਂ ਦਾ ਭੰਡੀ ਪ੍ਰਚਾਰ ਕਰਦਿਆਂ ਸ਼ਰਮ ਨਹੀਂ ਆਉਂਦੀ।

ਅਕਾਲੀ-ਭਾਜਪਾ ਸਰਕਾਰ ਵੱਲੋਂ ਕੇਵਲ 31.4 ਲੱਖ ਪਰਿਵਾਰਾਂ ਲਈ 2 ਲੱਖ ਦਾ ਬੀਮਾ ਕੀਤਾ ਗਿਆ ਸੀ, ਜਦਕਿ ਮੌਜੂਦਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਸ ਨੂੰ 2 ਲੱਖ ਤੋਂ ਵਧਾ ਕੇ 5 ਲੱਖ ਕੀਤਾ ਅਤੇ 46 ਲੱਖ ਪਰਿਵਾਰਾਂ ਤਕ ਇਸ ਦਾ ਲਾਭ ਪਹੁੰਚਾਇਆ। ਸਿੱਖਿਆ ਖੇਤਰ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਸਮਾਜ ਦੇ ਵਿਕਾਸ 'ਚ ਸਿੱਖਿਆ ਦੀ ਮਹੱਤਤਾ ਅਤੇ ਪੜ੍ਹਾਈ ਨੂੰ ਹਰੇਕ ਦੀ ਪਹੁੰਚ 'ਚ ਲਿਆਉਣ ਦੇ ਮੱਦੇਨਜ਼ਰ 4261 ਸਮਾਰਟ ਸਕੂਲ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 12,921 ਸਰਕਾਰੀ ਸਕੂਲਾਂ 'ਚ ਪ੍ਰਰੀ-ਪ੍ਰਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ ਹਨ।

ਇਸੇ ਤਰ੍ਹਾਂ ਵਾਤਾਵਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਹਿਰੀ ਵਾਤਾਵਰਨ ਸੁਧਾਰ ਸਕੀਮ ਤਹਿਤ 298.5 ਕਰੋੜ ਦਿੱਤੇ ਹਨ ਅਤੇ ਬੂਟੇ ਲਾਓ ਮੁਹਿੰਮ ਤਹਿਤ ਸੂਬੇ ਦੇ 11066 ਪਿੰਡਾਂ 'ਚ 66 ਲੱਖ ਬੂਟੇ ਲਾਏ ਗਏ ਹਨ।

ਵੱਖ-ਵੱਖ ਸਕੀਮਾਂ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਜਿਸ ਢੰਗ ਨਾਲ ਪੰਜਾਬ 'ਚ ਵਿਕਾਸ ਕਾਰਜ ਚੱਲ ਰਹੇ ਹਨ, ਅਕਾਲੀ ਸਰਕਾਰ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ।