ਜੇਐੱਨਐੱਨ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਦਾ ਮੁੱਦਾ ਸੋਮਵਾਰ ਨੂੰ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਦੇ ਦਰਬਾਰ ਵਿਚ ਉੱਠੇਗਾ। ਕੈਪਟਨ ਸੋਨੀਆ ਗਾਂਧੀ ਨੂੰ ਮਿਲਣ ਲਈ ਐਤਵਾਰ ਦੁਪਹਿਰ 11:50 ਵਜੇ ਹੀ ਦਿੱਲੀ ਰਵਾਨਾ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਜਿੱਥੇ ਮੁੱਖ ਮੰਤਰੀ ਬਾਜਵਾ ਦਾ ਮੁੱਦਾ ਉਠਾ ਸਕਦੇ ਹਨ ਉੱਥੇ ਮੰਤਰੀ ਮੰਡਲ ਵਿਚ ਫੇਰਬਦਲ ਦਾ ਮੁੱਦਾ ਵੀ ਉਠ ਸਕਦਾ ਹੈ। ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਇਕੱਲੇ ਹੀ ਸੋਨੀਆ ਗਾਂਧੀ ਨੂੰ ਮਿਲਣਾ ਚਾਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਸੂਬੇ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਪ੍ਰਧਾਨ ਨਾਲ ਮਿਲਣ ਲਈ ਕਿਹਾ ਗਿਆ।

ਉੱਧਰ ਪੰਜਾਬ ਵਿਚ ਸਾਰਿਆਂ ਦੀਆਂ ਨਿਗਾਹਾਂ ਸੋਮਵਾਰ ਨੂੰ ਹੋਣ ਵਾਲੀ ਇਸ ਮੀਟਿੰਗ 'ਤੇ ਟਿਕ ਗਈਆਂ ਹਨ। ਕਿਉਂਕਿ ਪਿਛਲੇ ਕੁਝ ਇਕ ਦਿਨਾਂ ਤੋਂ ਕਾਂਗਰਸ 'ਚ ਜਿਸ ਤਰ੍ਹਾਂ ਚੱਕ-ਥੱਲ ਤੇਜ਼ ਹੋਈ ਹੈ ਬਾਜਵਾ ਨੇ ਵੀ ਕੈਪਟਨ ਵਿਰੁੱਧ ਮੋਰਚਾ ਖੋਲਿ੍ਆ ਹੋਇਆ ਹੈ। ਉਸ ਨਾਲ ਪਾਰਟੀ ਦਾ ਪਾਰਾ ਵਾਹਵਾ ਚੜਿ੍ਆ ਹੋਇਆ ਹੈ ਕਿਉਂ ਕਿ ਬਾਜਪਾ ਕੈਪਟਨ ਨੂੰ ਖੁੱਲ੍ਹੇਆਮ ਚੁਣੌਤੀ ਦੇ ਰਹੇ ਹਨ। ਇਸੇ ਕਾਰਨ ਪੰਜਾਬ ਕੈਬਨਿਟ ਦੇ ਕਈ ਮੰਤਰੀਆਂ ਨੇ ਬਾਜਵਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਕਿਉਂਕਿ ਬਾਜਵਾ ਰਾਜ ਸਭਾ ਮੈਂਬਰ ਹਨ ਇਸ ਲਈ ਸੂਬਾ ਪੱਧਰ 'ਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਸਕਦੀ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੈਪਟਨ ਬਾਜਵਾ ਦਾ ਮੁੱਦਾ ਰੱਖ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਬਾਜਵਾ ਕੈਪਟਨ ਨੂੰ ਖੁੱਲ੍ਹੇਆਮ ਚੁਣੌਤੀ ਦੇ ਰਹੇ ਹਨ ਉਸ ਨਾਲ ਸਰਕਾਰ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ।

ਅਹਿਮ ਪਹਿਲੂ ਇਹ ਹੈ ਕਿ ਕੈਪਟਨ ਦੀ ਸੋਨੀਆ ਗਾਂਧੀ ਨਾਲ ਲੰਬੇ ਸਮੇਂ ਬਾਅਦ ਮੁਲਾਕਾਤ ਹੋਣ ਜਾ ਰਹੀ ਹੈ। ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਹੀ ਸੋਨੀਆ ਨੇ ਕੈਪਟਨ ਨੂੰ ਸੱਦਿਆ ਸੀ ਪਰ ਅੱੱਖ ਦੇ ਆਪ੍ਰਰੇਸ਼ਨ ਤੇ ਹੋਰਨਾਂ ਕਾਰਨਾਂ ਕਰ ਕੇ ਕੈਪਟਨ ਸੋਨੀਆ ਨੂੰ ਮਿਲਣ ਨਹੀਂ ਜਾ ਸਕੇ ਸਨ।

ਉਧਰ ਪੰਜਾਬ ਕੈਬਨਿਟ ਵਿਚ ਫੇਰਬਦਲ ਕੀਤਿਆਂ ਛੇ ਮਹੀਨਿਆਂ ਦਾ ਸਮਾਂ ਲੰਘ ਚੁੱਕਾ ਹੈ। ਪਾਰਟੀ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਉਹ ਛੇ ਮਹੀਨਿਆਂ ਬਾਅਦ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰੇਗੀ। ਕਿਉਂਕਿ ਪੰਜਾਬ ਸਰਕਾਰ ਦਾ ਅਕਸ ਲੋਕਾਂ ਵਿਚ ਚੰਗਾ ਨਹੀਂ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾ ਰਹੇ ਹਨ। ਉਧਰ ਸ਼ਨਿਚਰਵਾਰ ਨੂੰ ਤਾਂ ਉਨ੍ਹਾਂ ਨੇ ਪ੍ਰੀ-ਬਜਟ ਮੀਟਿੰਗ ਵਿਚ ਕਹਿ ਹੀ ਦਿੱਤਾ ਕਿ ਲੋਕਾਂ ਨੇ ਸਾਡੇ 'ਤੇ ਵਿਸ਼ਾਵਸ ਕਰ ਕੇ ਕੀ ਗ਼ਲਤੀ ਕਰ ਲਈ? ਅਜਿਹੇ ਵਿਚ ਹੋਣ ਵਾਲੀ ਮੀਟਿੰਗ ਦੀ ਮਹੱਤਤਾ ਵੀ ਵਧ ਜਾਂਦੀ ਹੈ।