ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਦੀ ਕੈਪਟਨ ਸਰਕਾਰ 'ਤੇ ਵੈਕਸੀਨ ਘੁਟਾਲੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਫ਼ਤਿਹ ਕਿੱਟਾਂ ਖ਼ਰੀਦਣ 'ਚ ਵੀ ਘਾਲ਼ੇਮਾਲੇ ਦੇ ਦੋਸ਼ ਲਗਾਏ ਹਨ। ਮੋਹਾਲੀ 'ਚ ਇਕ ਪ੍ਰਰੈੱਸ ਕਾਨਫ਼ਰੰਸ ਦੌਰਾਨ ਮੋਹਾਲੀ ਤੋਂ ਪ੍ਰਧਾਨ ਐਡਵੋਕੇਟ ਗੋਵਿੰਦਰ ਮਿੱਤਲ ਅਤੇ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ 'ਚ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਇਸ ਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਖ਼ੁਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਕਾਂਗਰਸੀ ਵਿਧਾਇਕ ਸਰਕਾਰੀ ਹਸਪਤਾਲਾਂ 'ਚ ਜਾਣ ਦੀ ਬਜਾਏ ਪ੍ਰਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਉਲਟ ਜਦੋਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਖ਼ਿਲਾਫ਼ ਵਿਰੋਧ ਕੀਤਾ ਤਾਂ ਉਨ੍ਹਾਂ 'ਤੇ ਕੇਸ ਦਰਜ ਕਰ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 'ਫ਼ਤਿਹ ਕਿੱਟਾਂ' ਖ਼ਰੀਦਣ 'ਚ ਕਰੋੜਾਂ ਰੁਪਏ ਦਾ ਚੂਨਾ ਲੱਗਾ ਹੈ ਦਾਅਵਾ ਹੈ ਕਿ 837 ਰੁਪਏ ਵਾਲੀ 'ਫ਼ਤਿਹ ਕਿੱਟ' 1338 ਰੁਪਏ ਦੇ ਮਹਿੰਗੇ ਮੁੱਲ 'ਚ ਖ਼ਰੀਦੀ ਗਈ ਹੈ। ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਵੀ ਪ੍ਰਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋੜਾਂ ਰੁਪਏ 'ਚ ਵੇਚਣਾ ਘੁਟਾਲੇ ਵੱਲ ਇਸ਼ਾਰਾ ਕਰਦਾ ਹੈੈ। ਐਡਵੋਕੇਟ ਮਿੱਤਲ ਨੇ ਕਿਹਾ ਕਿ ਜਦੋਂ ਇਸ ਮਾਮਲੇ ਦਾ ਪੂਰਾ ਰੌਲਾ ਪੈ ਗਿਆ ਤਾਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਬਦਨਾਮੀ ਦੇ ਡਰੋਂ ਪ੍ਰਰਾਈਵੇਟ ਹਸਪਤਾਲਾਂ ਤੋਂ ਦਵਾਈ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਵਪਾਰ ਜਾਂ ਘੋਟਾਲੇ ਕਰਨਾ ਨਹੀਂ ਹੁੰਦਾ ਬਲਕਿ ਸਰਕਾਰ ਦਾ ਕੰਮ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਮੰਤਰੀ ਪੰਜਾਬ ਭਰ 'ਚ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੱਡੇ-ਵੱਡੇ ਇਕੱਠ ਕਰਦੇ ਹਨ ਤਾਂ ਕੋਵਿਡ ਦੇ ਨਿਯਮ ਛੁਪ ਜਾਂਦੇ ਹਨ ਅਤੇ ਜਦੋਂ ਆਮ ਆਦਮੀ ਪਾਰਟੀ ਨੇ ਉਕਤ ਵੱਡੇ ਘਪਲਿਆਂ ਦਾ ਪਰਦਾਫਾਸ਼ ਕਰਨ ਲਈ ਲੋਕਤੰਤਰਿਕ ਢੰਗ ਨਾਲ ਪ੍ਰਦਰਸ਼ਨ ਕੀਤੇ ਤਾਂ ਉਨ੍ਹਾਂ ਉੱਤੇ ਪੁਲਿਸ ਕੇਸ ਦਰਜ ਕਰ ਦਿੱਤੇ ਗਏ। ਸਰਕਾਰ ਦੀ ਅਜਿਹੀ ਕਾਰਵਾਈ ਸ਼ਰੇਆਮ ਗੁੰਡਾਗਰਦੀ ਤੇ ਤਾਨਾਸ਼ਾਹੀ ਦਾ ਸਬੂਤ ਦਿੰਦੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਮੇਸ਼ਾਂ ਲੋਕ ਹਿੱਤ 'ਚ ਖੜ੍ਹਦੇ ਰਹਿਣਗੇ ਅਤੇ ਸਰਕਾਰ ਦੇ ਘਪਲਿਆਂ ਤੇ ਧੱਕੇਸ਼ਾਹੀਆਂ ਖਿਲਾਫ਼ ਹਮੇਸ਼ਾ ਅਵਾਜ਼ ਬੁਲੰਦ ਕਰਦੇ ਰਹਿਣਗੇ।