ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਕਾਲੀ ਆਗੂਆਂ ਵੱਲੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲਟਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰਨਾਂ ਆਗੂਆਂ ਨਾਲ ਅਪਰਾਧੀਆਂ ਦੀਆਂ ਤਸਵੀਰਾਂ ਪ੍ਰੈਸ ਨੂੰ ਜਾਰੀ ਕਰ ਕੇ ਅਕਾਲੀ ਆਗੂਆਂ ਨੂੰ ਘੇਰ ਲਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਤੇ ਗੈਂਗਸਟਰਾਂ ਦਰਮਿਆਨ ਗੰਢਤੁੱਪ ਬਾਰੇ ਜਾਂਚ ਦੇ ਦਿੱਤੇ ਹੁਕਮਾਂ 'ਤੇ ਅਕਾਲੀਆਂ ਦੀਆਂ ਨੌਟੰਕੀਆਂ ਅੱਗੇ ਝੁਕਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਕਾਲੀਆਂ ਦੇ ਅਜਿਹੇ ਹੱਥਕੰਡਿਆਂ ਅੱਗੇ ਦੱਬਣ ਵਾਲੇ ਨਹੀਂ ਹਨ।

ਅਕਾਲੀ ਦਲ ਨੂੰ ਸਖ਼ਤ ਸ਼ਬਦਾਂ ਵਿਚ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੇ ਖ਼ਤਰਨਾਕ ਅਪਰਾਧੀਆਂ/ਗੈਂਗਸਟਰਾਂ ਨਾਲ ਸਬੰਧਾਂ ਨੂੰ ਸਪੱਸ਼ਟ ਰੂਪ ਵਿਚ ਦਰਸਾਉਂਦੀਆਂ ਤਸਵੀਰਾਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਡੀਜੀਪੀ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੜਤਾਲ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਬਾਰੇ ਰਾਜਪਾਲ ਨੂੰ ਜਾਣੰੂ ਕਰਵਾਇਆ ਸੀ ਅਤੇ ਜੇਕਰ ਇਹ ਸਹੀ ਸਾਬਤ ਹੋ ਗਿਆ ਤਾਂ ਇਸ ਨਾਲ ਸੂਬੇ ਵਿਚ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇਣ ਵਿਚ ਅਕਾਲੀਆਂ ਦੀ ਸ਼ਮੂਲੀਅਤ ਬੇਨਕਾਬ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਸਬੂਤ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦੀ ਪੁਲਿਸ ਪੜਤਾਲ ਕਰਵਾਉਣ ਦੀ ਲੋੜ ਹੈ ਜਿਸ ਕਰ ਕੇ ਉਨ੍ਹਾਂ ਨੇ ਡੀਜੀਪੀ ਨੂੰ ਆਦੇਸ਼ ਦਿੱਤੇ ਹਨ ਕਿ ਇਸ ਜਾਂਚ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਕੈਪਟਨ ਨੇ ਕਿਹਾ ਕਿ ਅਕਾਲੀ ਦਲ ਕੋਲ ਤਾਂ ਰੰਧਾਵਾ ਜਾਂ ਹੋਰ ਕਾਂਗਰਸੀ ਮੰਤਰੀਆਂ/ਆਗੂਆਂ ਦੇ ਗੈਂਗਸਟਰਾਂ ਤੇ ਅਪਰਾਧੀਆਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਹੋਣ ਦਾ ਕੋਈ ਸਬੂਤ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਅਕਾਲੀਆਂ ਖ਼ਿਲਾਫ਼ ਸਬੂਤ ਦਸਤਾਵੇਜ਼ੀ ਹਨ। ਉਨ੍ਹਾਂ ਕਿਹਾ ਕਿ ਜੇ ਜਾਂਚ ਵਿਚ ਅਜਿਹੀ ਗੰਢਤੁੱਪ ਦਾ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਪ੍ਰਰਾਪਤ ਹੋਈਆਂ ਤਸਵੀਰਾਂ ਵਿਚ ਹਰਜਿੰਦਰ ਸਿੰਘ ਬਿੱਟੂ ਉਰਫ਼ ਬਿੱਟੂ ਸਰਪੰਚ ਸੀਨੀਅਰ ਅਕਾਲੀ ਸਿਆਸਤਦਾਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਿਤ ਕਰਦਾ ਨਜ਼ਰ ਆਉਂਦਾ ਹੈ। ਪੁਲਿਸ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬਿੱਟੂ ਦੀ ਤਲਵੰਡੀ ਸਾਬੋ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਵੀ ਕਥਿਤ ਨੇੜਤਾ ਹੈ।

ਡੀਜੀਪੀ ਦਿਨਕਰ ਗੁਪਤਾ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਜਾਂਚ ਕਰਨ ਦਾ ਜ਼ਿੰਮਾ ਸੌਂਪਿਆ ਹੈ ਨੇ ਦੱਸਿਆ ਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਪੰਜਾਬ ਕੋਲ ਹਾਸਲ ਜਾਣਕਾਰੀ ਵਿਚ ਖ਼ੁਲਾਸਾ ਹੋਇਆ ਹੈ ਕਿ ਬੀਤੇ ਸਮੇਂ ਵਿਚ ਬਿੱਟੂ ਬਦਨਾਮ ਗੁਰਪ੍ਰੀਤ ਸੇਖੋਂ ਗੈਂਗ ਦੇ ਮੈਂਬਰਾਂ ਨੂੰ ਸ਼ਰਨ ਦਿਵਾਉਂਦਾ ਰਿਹਾ ਹੈ। ਗੁਪਤਾ ਅਨੁਸਾਰ ਬਿੱਟੂ ਨਸ਼ੇ, ਕਤਲ, ਡਕੈਤੀ, ਆਰਮਜ਼ ਐਕਟ ਆਦਿ ਨਾਲ ਸਬੰਧਤ ਕਈ ਅਪਰਾਧਕ ਮਾਮਲਿਆਂ ਵਿਚ ਨਾਮਜ਼ਦ ਹੈ।

2127 ਗੈਂਗਸਟਰ ਕੀਤੇ ਕਾਬੂ : ਡੀਜੀਪੀ

ਪੰਜਾਬ ਸਰਕਾਰ ਵੱਲੋਂ ਕੈਟਾਗਰੀ ਏ ਦੇ 8 ਗੈਂਗਸਟਰਾਂ ਸਮੇਤ ਹੁਣ ਤਕ 2127 ਗੈਂਗਸਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ 10 ਗੈਂਗਸਟਰਾਂ (ਇਨ੍ਹਾਂ 'ਚੋਂ ਪੰਜ ਏ-ਕੈਟਾਗਰੀ ਦੇ) ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਗੈਂਗਸਟਰਾਂ ਤੋਂ ਕੁਲ 1040 ਹਥਿਆਰ ਅਤੇ 468 ਵਾਹਨ ਜ਼ਬਤ ਕੀਤੇ ਗਏ ਹਨ।

ਦਿਨਕਰ ਗੁਪਤਾ ਨੇ ਅੱਗੇ ਦੱਸਿਆ ਕਿ ਮੌਜੂਦਾ ਕਾਰਜਕਾਲ ਦੌਰਾਨ ਸੂਬਾ ਸਰਕਾਰ ਨਾਭਾ ਜੇਲ੍ਹ• ਤੋੜਨ ਦੇ ਮਾਮਲੇ ਦੇ ਮਾਸਟਰ ਮਾਈਂਡ ਅਤੇ ਅੱਤਵਾਦੀਆਂ/ਗੈਂਗਸਟਰਾਂ ਦੇ ਕੇਂਦਰ ਬਿੰਦੂ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ (ਚੀਨ) ਤੋਂ ਹਵਾਲਗੀ ਲੈਣ ਵਿਚ ਸਫਲ ਰਹੀ ਹੈ। ਰੋਮੀ ਨਸ਼ਾ/ਹਥਿਆਰ ਤਸਕਰੀ ਵਿਚ ਵੀ ਸ਼ਾਮਲ ਸੀ।

ਇਸ ਤੋਂ ਇਲਾਵਾ ਸੂਬਾ ਸਰਕਾਰ ਬੰਬੀਹਾ ਗਿਰੋਹ ਦੇ ਮੁਖੀ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ (ਪੁੱਤਰ ਮੇਜਰ ਸਿੰਘ ਵਾਸੀ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ) ਦੀ ਅਰਮੀਨੀਆ ਤੋਂ ਹਵਾਲਗੀ ਲੈਣ ਵਿਚ ਵੀ ਸਫਲ ਰਹੀ ਹੈ।