ਸਟੇਟ ਬਿਊਰੋ, ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ। ਫੋਨ ਕਰਨ ਬਾਰੇ ਮਨੋਹਰ ਲਾਲ ਖੱਟਰ ਦੇ ਦਾਅਵੇ 'ਤੇ ਕੈਪਟਨ ਨੇ ਫੇਰ ਪਲਟਵਾਰ ਕੀਤਾ ਹੈ।

ਐਤਵਾਰ ਨੰੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਕੀਤਾ ਕਿ ਗੱਲਬਾਤ ਲਈ ਅਧਿਕਾਰਤ ਚੈਨਲ ਜਾਂ ਫੇਰ ਉਨ੍ਹਾਂ ਦੇ ਮੋਬਾਈਲ 'ਤੇ ਕਾਲ ਕਿਉਂ ਨਹੀਂ ਕੀਤੀ? ਦੱਸਣਯੋਗ ਹੈ ਕਿ ਖੱਟਰ ਨੇ ਕਿਹਾ ਸੀ ਕਿ ਕੈਪਟਨ ਨੇ ਵਾਰ ਵਾਰ ਫੋਨ ਕਰਨ 'ਤੇ ਵੀ ਗੱਲ ਨਹੀਂ ਕੀਤੀ ਸੀ। ਜਦੋਂ ਹਰਿਆਣਾ ਨੇ ਇਹ ਗੱਲ ਜਨਤਕ ਕੀਤੀ ਤਾਂ ਕੈਪਟਨ ਨੇ ਕਿਹਾ ਕਿ ਖੱਟਰ ਝੂਠ ਬੋਲ ਰਹੇ ਹਨ। ਕੈਪਟਨ ਨੇ ਕਿਹਾ ਹੈ ਕਿ ਖੱਟਰ ਸਰਕਾਰੀ ਰਜਿਸਟਰ ਦਾ ਸਫ਼ਾ ਵਿਖਾ ਕੇ ਝੂਠ 'ਤੇ ਪਰਦਾ ਨਹੀਂ ਪਾ ਸਕਦੇ ਹਨ। ਜੇ ਉਹ ਸੱਚਮੁੱਚ ਸੰਪਰਕ ਕਰਨਾ ਚਾਹੁੰਦੇ ਸਨ ਤਾਂ ਅਧਿਕਾਰਤ ਤੌਰ 'ਤੇ ਗੱਲਬਾਤ ਕਰ ਸਕਦੇ ਸਨ। ਸੂਬਾ ਸਰਕਾਰ ਦੇ ਪ੍ਰਮੁੱਖ ਸਕੱਤਰ ਤੇ ਡੀਜੀਪੀ ਪੱਧਰ ਦੇ ਅਫ਼ਸਰ ਕਈ ਦਿਨਾਂ ਤੋਂ ਕਿਸਾਨ ਮੁੱਦੇ 'ਤੇ ਹਰਿਆਣਾ ਦੇ ਅਫ਼ਸਰਾਂ ਦੇ ਨਾਲ ਸੰਪਰਕ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਅਫ਼ਸਰ ਨੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ ਸੀ।

ਕੈਪਟਨ ਨੇ ਅੱਗੇ ਕਿਹਾ, ''ਆਪਣੇ ਸਟਾਫ਼ ਮੈਂਬਰਾਂ ਦਾ ਸ਼ੋਸ਼ਣ ਕਰਨ ਵਿਚ ਭਰੋਸਾ ਨਹੀਂ ਰੱਖਦਾ ਹਾਂ। ਮੇਰੇ ਨਿਵਾਸ 'ਤੇ ਅਟੈਂਡੈਂਟ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤਕ ਹੀ ਫੋਨ ਸੁਣਦਾ ਹੈ। ਖੱਟਰ ਮੇਰੇ ਮੋਬਾਈਲ 'ਤੇ ਕਾਲ ਕਰ ਲੈਂਦੇ।''

ਕੈਪਟਨ ਨੇ ਕਿਹਾ ਕਿ ਦਰਅਸਲ ਖੱਟਰ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਕਿਸਾਨ ਸੰਘਰਸ਼ ਦੇ ਮੁੱਦੇ 'ਤੇ ਵਿਚਾਰ ਵਟਾਂਦਰੇ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, ''ਜੇ ਮੈਂ ਕੇਂਦਰੀ ਮੰਤਰੀਆਂ ਨਾਲ ਗੱਲ ਕਰ ਸਕਦਾ ਹਾਂ ਤਾਂ ਖੱਟਰ ਨਾਲ ਗੱਲ ਕਰਨ ਵਿਚ ਕਿਉਂ ਿਝਜਕਦਾ।''