ਜੈ ਸਿੰਘ ਛਿੱਬਰ, ਚੰਡੀਗੜ੍ਹ : ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁੱਦੇ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਕੈਪਟਨ ਸਰਕਾਰ ਨੇ ਸੋਮਵਾਰ ਨੂੰ ਬਿਜਲੀ ਦੇ ਛੋਟੇ ਖਪਤਕਾਰਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਨੇ 25 ਪੈਸੇ ਪ੍ਰਤੀ ਯੂਨਿਟ ਤੋਂ ਲੈ ਕੇ ਪੰਜਾਹ ਪੈਸੇ ਪ੍ਰਤੀ ਯੂਨਿਟ ਤਕ ਰੇਟ ਘੱਟ ਕਰ ਦਿੱਤਾ ਹੈ, ਪਰ ਦੋ ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਦੇ ਲੋਡ ਵਾਲੇ ਖਪਤਕਾਰਾਂ 'ਤੇ ਪ੍ਰਤੀ ਕਿਲੋਵਾਟ 15 ਰੁਪਏ ਵਧਾ ਦਿੱਤੇ ਹਨ। ਕੁਲ ਮਿਲਾ ਕੇ ਪ੍ਰਤੀ ਯੂਨਿਟ ਵਿਚ 25 ਤੋਂ 50 ਪੈਸੇ ਰੇਟ ਤਾਂ ਘਟਾ ਦਿੱਤਾ ਹੈ, ਪਰ ਦੂਜੇ ਸਥਾਈ ਖ਼ਰਚਿਆਂ ਵਿਚ ਵਾਧਾ ਕਰ ਦਿੱਤਾ ਹੈ। ਇਸੇ ਤਰ੍ਹਾਂ ਸ੍ਰੀ ਹਰਮਿੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਦੇ ਪਹਿਲੇ ਦੋ ਹਜ਼ਾਰ ਯੂਨਿਟ ਮਾਫ਼ ਤੋਂ ਬਾਅਦ ਅਗਲੇ ਯੂਨਿਟਾਂ 'ਤੇ ਪੰਜ ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਦੋਵਾਂ ਧਾਰਮਿਕ ਅਸਥਾਨਾਂ ਨੂੰ ਪ੍ਰਤੀ ਯੂਨਿਟ 6.06 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਭੁਗਤਾਨ ਕਰਨਾ ਪੈਂਦਾ ਸੀ, ਹੁਣ 6.11 ਪੈਸੇ ਬਿਜਲੀ ਯੂਨਿਟ ਅਦਾ ਕਰਨੇ ਪੈਣਗੇ।

ਨਵੇਂ ਟੈਰਿਫ ਅਨੁਸਾਰ ਘਰੇਲੂ ਖਪਤਕਾਰਾਂ ਦੇ ਦੋ ਕਿਲੋਵਾਟ ਲੋਡ ਤਕ ਪਹਿਲੇ 100 ਯੂਨਿਟ 'ਤੇ 4.49 ਰੁਪਏ ਪ੍ਰਤੀ ਯੂਨਿਟ ਦਾ ਭੁਗਤਾਨ ਕਰਨਾ ਪਵੇਗਾ ਜਦੋਂ ਕਿ ਪਹਿਲਾਂ 4.99 ਰੁਪਏ ਪ੍ਰਤੀ ਯੂਨਿਟ ਭੁਗਤਾਨ ਕੀਤਾ ਜਾਂਦਾ ਸੀ। ਇਸੇ ਤਰ੍ਹਾਂ 101 ਤੋਂ 300 ਯੂਨਿਟ 'ਤੇ 6.59 ਰੁਪਏ ਦੀ ਥਾਂ 'ਤੇ 6.34 ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ। ਪਰ 300 ਯੂਨਿਟਾਂ ਤੋਂ ਵੱਧ ਬਿਜਲੀ ਖਪਤ ਕਰਨ 'ਤੇ 7.20 ਰੁਪਏ ਦੀ ਥਾਂ 'ਤੇ 7.30 ਰੁਪਏ ਯਾਨੀ ਦਸ ਪੈਸੇ ਪ੍ਰਤੀ ਯੂਨਿਟ ਰੇਟ ਵਧਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ 2 ਕਿਲੋਵਾਟ ਤੋਂ 7 ਕਿਲੋਵਾਟ ਤਕ ਪਹਿਲੇ 100 ਯੂਨਿਟ 'ਤੇ4.99 ਰੁਪਏ ਤੋਂ ਘਟਾ ਕੇ 4.49 ਰੁਪਏ, 101 ਤੋਂ 300 ਯੂਨਿਟ ਤਕ 6.59 ਰੁਪਏ ਤੋਂ 6.34 ਰੁਪਏ, 301 ਤੋਂ 500 ਯੂਨਿਟ ਤਕ 7.20 ਰੁਪਏ (ਕੋਈ ਕਟੌਤੀ ਨਹੀਂ) ਅਤੇ 500 ਤੋਂ ਉਪਰ ਯੂਨਿਟ 'ਤੇ 7.41 ਰੁਪਏ ਦੀ ਥਾਂ 'ਤੇ 7.30 ਰੁਪਏ ਪ੍ਰਤੀ ਯੂਨਿਟ ਦਾ ਭੁਗਤਾਨ ਕਰਨਾ ਪਵੇਗਾ। ਜਦੋਂ ਕਿ 45 ਰੁਪਏ ਪ੍ਰਤੀ ਕਿਲੋਵਾਟ ਦੀ ਬਜਾਏ 60 ਰੁਪਏ ਪ੍ਰਤੀ ਕਿਲੋਵਾਟ ਫਿਕਸ ਖ਼ਰਚੇ ਯਾਨੀ 15 ਰੁਪਏ ਵਾਧੂ ਪ੍ਰਤੀ ਕਿਲੋਵਾਟ ਦਾ ਬੋਝ ਪਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ 7 ਕਿਲੋਵਾਟ ਤੋਂ 50 ਕਿਲੋਵਾਟ ਤਕ ਦੇ ਘਰੇਲੂ ਖਪਤਕਾਰਾਂ ਦਾ 50 ਰੁਪਏ ਪ੍ਰਤੀ ਕਿਲੋਵਾਟ ਤੋਂ ਵਧਾ ਕੇ 75 ਰੁਪਏ ਪ੍ਰਤੀ ਕਿਲੋਵਾਟ ਤਕ ਦਾ ਬੋਝ ਪਾ ਦਿੱਤਾ ਹੈ। ਪਰ 500 ਤੋਂ ਵੱਧ ਬਿਜਲੀ ਯੂਨਿਟ ਖਪਤ ਕਰਨ 'ਤੇ 11 ਪੈਸੇ ਘੱਟ ਯਾਨੀ 7.41 ਪੈਸੇ ਦੀ ਬਜਾਏ 7.30 ਪੈਸੇ ਦਾ ਭੁਗਤਾਨ ਕਰਨਾ ਪਵੇਗਾ। ਕਮਰਸ਼ੀਅਲ ਖਪਤਕਾਰਾਂ ਜਿਨ੍ਹਾਂ ਦਾ 7 ਕਿਲੋਵਾਟ ਤੋਂ 20 ਕਿਲੋਵਾਟ ਤਕ ਲੋਡ ਹੈ ਦੇ ਫਿਕਸ ਖ਼ਰਚੇ 55 ਰੁਪਏ ਤੋਂ ਵਧਾ ਕੇ 70 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤਾ ਗਿਆ ਹੈ।