ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਪੰਜਾਬ 'ਚ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੀਟਿੰਗ ਕਰਨ ਲਈ ਰਾਜ਼ੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਨੂੰ ਇਸੇ ਕਾਰਨ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਫਾਰਮ ਹਾਊਸ 'ਤੇ ਬੁਲਾ ਕੇ ਲੰਚ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਵਿਚ ਚੀਫ ਸਕੱਤਰ ਨੂੰ ਵੀ ਬੁਲਾਉਣ ਦੀ ਉਮੀਦ ਸੀ ਪਰ ਵਿੱਤ ਮੰਤਰੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਨਾ ਕਰਨ, ਇਸ ਲਈ ਲੰਚ 'ਤੇ ਮੁੱਖ ਸਕੱਤਰ ਨੂੰ ਨਹੀਂ ਬੁਲਾਇਆ ਗਿਆ।

ਮੀਟਿੰਗ 'ਚ ਦੋਵੇਂ ਮੰਤਰੀਆਂ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਾਣਾ ਗੁਰਮੀਤ ਸਿੰਘ ਸੋਢੀ ਵੀ ਮੌਜੂਦ ਸਨ।

ਮੀਟਿੰਗ 'ਚ ਮੁੱਖ ਸਕੱਤਰ ਤੇ ਮੰਤਰੀਆਂ ਦਾ ਵਿਵਾਦ ਉੱਠਿਆ ਤੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਸ ਨੂੰ ਕਿਵੇਂ ਹੱਲ ਕਰਨਾ ਹੈ? ਇਸ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਇਸਨੂੰ ਇੱਥੇ ਨਾ ਛੱਡੋ ਕਿਉਂਕਿ ਇਹ ਕੈਬਨਿਟ ਦਾ ਸਰਬਸੰਮਤੀ ਨਾਲ ਲਿਆ ਫ਼ੈਸਲਾ ਹੈ ਤੇ ਕੈਬਨਿਟ 'ਚ ਹੀ ਇਸ 'ਤੇ ਵਿਚਾਰ ਕਰਾਂਗੇ। ਮੁੱਖ ਮੰਤਰੀ ਨੇ ਵੀ ਇਸ 'ਤੇ ਸਹਿਮਤੀ ਪ੍ਰਗਟਾ ਦਿੱਤੀ। ਮਨਪ੍ਰੀਤ ਬਾਦਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਦੇ ਕਾਰਨ ਮੁੱਖ ਮੰਤਰੀ ਉਨ੍ਹਾਂ ਨਾਲ ਅਫਸੋਸ ਪ੍ਰਗਟ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਆਪਣੇ ਇੱਥੇ ਬੁਲਾਇਆ ਸੀ। ਮੀਟਿੰਗ 'ਚ ਕੋਵਿਡ-19 ਦੇ ਕਾਰਨ ਠੱਪ ਪਿਆ ਅਰਥਚਾਰਾ, ਇਸਨੂੰ ਕਿਵੇਂ ਲੀਹ 'ਤੇ ਲਿਆਂਦਾ ਜਾਵੇ, ਇਸਨੂੰ ਲੈ ਕੇ ਅਹਿਮ ਚਰਚਾ ਵੀ ਹੋਈ।

ਕਿਉਂ ਲੰਚ 'ਤੇ ਬੁਲਾਇਆ ਸੀਐੱਮ ਨੇ

ਅਸਲ 'ਚ ਪੰਜਾਬ 'ਚ ਕਿਸੇ ਵੀ ਦਿਨ ਕੈਬਨਿਟ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ, ਜਿਸ ਵਿਚ ਗਰੁੱਪ ਆਫ ਮਨਿਸਟਰਜ਼ ਦੀ ਉਸ ਰਿਪੋਰਟ 'ਤੇ ਵੀ ਚਰਚਾ ਹੋਵੇਗੀ ਜਿਸ ਵਿਚ ਵੱਖ-ਵੱਖ ਸੈਕਟਰਾਂ ਨੂੰ ਛੋਟ ਦੇਣਾ ਸ਼ਾਮਲ ਹੈ। ਇਸ ਕਮੇਟੀ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸ਼ਹਿਰੀ ਹਾਊਸਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸ਼ਾਮਲ ਹਨ। ਕਮੇਟੀ ਦੀ ਰਿਪੋਰਟ ਸੋਮਵਾਰ ਨੂੰ ਆਉਣੀ ਸੀ ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੇ ਪਿਤਾ ਗੁਰਦਾਸ ਬਾਦਲ ਦੇ ਦੇਹਾਂਤ ਦੇ ਕਾਰਨ ਰੁੱਝੇ ਹੋਣ ਦੇ ਕਾਰਨ ਮੀਟਿੰਗ ਨਹੀਂ ਕਰ ਸਕੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੂੰ ਲੰਚ 'ਤੇ ਬੁਲਾਉਣਾ ਇਸ ਲਈ ਮਹੱਤਵਪੂਰਣ ਹੈ ਕਿ ਇਨ੍ਹੀਂ ਦਿਨੀਂ ਮੰਤਰੀਆਂ ਦੀ ਚੀਫ ਸਕੱਤਰ ਨਾਲ ਸੁਲਾਹ ਕਿਵੇਂ ਕਰਾਈ ਜਾਵੇ? ਜੇਕਰ ਵਿੱਤ ਮੰਤਰੀ ਹੀ ਕੈਬਨਿਟ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਤਾਂ ਇਹ ਵੀ ਸਰਕਾਰ ਦੇ ਅਕਸ ਲਈ ਸਹੀ ਨਹੀਂ ਹੈ ਕਿਉਂਕਿ ਮੁੱਖ ਸਕੱਤਰ ਸਰਕਾਰ ਦਾ ਚਿਹਰਾ ਹੁੰਦਾ ਹੈ। ਪਿਛਲੀ ਵਾਰੀ ਕੈਬਨਿਟ ਮੀਟਿੰਗ 'ਚ ਕਰਨ ਅਵਤਾਰ ਨੂੰ ਅੱਧੇ ਦਿਨ ਦੀ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ ਪਰ ਵਾਰ-ਵਾਰ ਇਸ ਤਰ੍ਹਾਂ ਕਰਨਾ ਵੀ ਸਹੀ ਨਹੀਂ ਹੈ। ਮਨਪ੍ਰੀਤ ਬਾਦਲ ਦਾ ਦੋਸ਼ ਸੀ ਕਿ ਚੀਫ ਸਕੱਤਰ ਨੇ ਕੈਬਨਿਟ ਮੰਤਰੀਆਂ ਨਾਲ ਬਦਤਮੀਜ਼ੀ ਕੀਤੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕੈਬਨਿਟ ਮੀਟਿੰਗ 'ਚ ਇਹ ਗੱਲ ਮੁੱਖ ਮੰਤਰੀ ਦੇ ਸਾਹਮਣੇ ਵੀ ਰੱਖੀ ਸੀ। ਇਸ ਮੀਟਿੰਗ 'ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ, ਜਿਨ੍ਹਾਂ ਨੇ ਸੀਐੱਸ ਨਾਲ ਕਾਫ਼ੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੂੰ ਮਨਾਉਣ ਲਈ ਵੀ ਮੁੱਖ ਮੰਤਰੀ ਨੇ 21 ਮਈ ਨੂੰ ਲੰਚ 'ਤੇ ਬੁਲਾਇਆ ਸੀ।

Posted By: Seema Anand