ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਚਲਾਉਣ ਦੇ ਤੌਰ-ਤਰੀਕਿਆਂ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਦੋ ਟੁੱਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਸਰਕਾਰ ਚਲਾਉਣੀ ਆਉਂਦੀ ਹੈ ਤੇ ਕਿਸੇ ਦੀ ਸਲਾਹ ਦੀ ਉਨ੍ਹਾਂ ਨੂੰ ਲੋੜ ਨਹੀਂ। ਦਰਅਸਲ ਲੰਬੇ ਸਮੇਂ ਤੋਂ ਵਿਰੋਧੀ ਦਲ ਤੇ ਕਾਂਗਰਸ ਦੇ ਹੀ ਕੁਝ ਆਗੂ ਲਗਾਤਾਰ ਕੈਪਟਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾ ਰਹੇ ਸਨ। ਮੁੱਖ ਮੰਤਰੀ ਸੋਮਵਾਰ ਨੂੰ ਮੀਡੀਏ ਦੇ ਰੂਬਰੂ ਹੋਏ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦੀ ਸਲਾਹ ਨੂੰ ਉਨ੍ਹਾਂ ਨੇ ਖ਼ਾਰਜ ਕਰ ਦਿੱਤਾ। ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਮੈਨੂੰ ਬਾਜਵਾ ਤੇ ਦੂਲੋ ਦੀ ਸਲਾਹ ਦੀ ਲੋੜ ਨਹੀਂ। ਉਨ੍ਹਾਂ ਦੇ ਪੱਤਰ ਤਾਂ ਮੈਂ ਅਜੇ ਤਕ ਦੇਖੇ ਵੀ ਨਹੀਂ। ਮੈਨੂੰ ਪਤਾ ਹੈ ਕਿ ਸੂਬੇ ਨੂੰ ਕਿਵੇਂ ਚਲਾਉਣਾ ਹੈ। ਬਾਜਵਾ ਕਈ ਦਿਨਾਂ ਤੋਂ ਕੈਪਟਨ ਨੂੰ ਵੱਖ-ਵੱਖ ਮੁੱਦਿਆਂ 'ਤੇ ਪੱਤਰ ਲਿਖ ਰਹੇ ਹਨ। ਉਧਰ ਦੂਲੋ ਨੇ ਲਾਕਡਾਊਨ ਦੌਰਾਨ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਮੱੁਦੇ 'ਤੇ ਕੈਪਟਨ ਨੂੰ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਦੂਲੋ ਤੇ ਬਾਜਵਾ ਦਾ ਕੈਪਟਨ ਨਾਲ ਲੰਬੇ ਸਮੇਂ ਤੋਂ ਛੱਤੀ ਦਾ ਅੰਕੜਾ ਹੈ। ਦੋਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹਨ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਵਿਚ ਵਾਪੀ ਦੇ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਸਿੱਧੂ ਚੰਗੇ ਬੁਲਾਰੇ ਹਨ। ਉਹ ਕਾਂਗਰਸ ਪਾਰਟੀ ਵਿਚ ਹੀ ਹਨ। ਉਨ੍ਹਾਂ ਨੂੰ ਪਾਰਟੀ ਵਿਚ ਆਪਣੀ ਹਿੱਸੇਦਾਰੀ ਦਿਖਾਉਣੀ ਚਾਹੀਦੀ ਹੈ। ਜਿੱਥੋਂ ਤਕ ਪਾਰਟੀ ਵਿਚ ਪਾਵਰ ਦੇਣ ਦੀ ਗੱਲ ਹੈ ਤਾਂ ਉਹ ਤਾਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਹੀ ਦੇ ਸਕਦੇ ਹਨ। ਉਨ੍ਹਾਂ ਨੇ ਪਹਿਲੀ ਵਾਰ ਸਿੱਧੂ ਦੀ ਐਕਸਾਈਜ਼ ਨੀਤੀ ਦੇ ਸੁਝਾਅ ਨੂੰ ਖ਼ਾਰਜ ਕੀਤਾ। ਸਿੱਧੂ ਨੇ ਤਾਮਿਲਨਾਡੂ ਮਾਡਲ ਅਪਣਾਉਣ ਦਾ ਸੁਝਾਅ ਦਿੱਤਾ ਸੀ। ਕੈਪਟਨ ਨੇ ਕਿਹਾ ਕਿ ਦੋਵਾਂ ਸੂਬਿਆਂ ਦੀ ਸਥਿਤੀ ਵਿਚ ਬਹੁਤ ਫ਼ਰਕ ਹੈ। ਪੰਜਾਬ ਵਿਚ 50 ਫ਼ੀਸਦੀ ਤੋਂ ਜ਼ਿਆਦਾ ਦੇਸੀ ਸ਼ਰਾਬ ਦੀ ਵਿਕਰੀ ਹੁੰਦੀ ਹੈ। ਮੰਤਰੀ ਮੰਡਲ 'ਚ ਫੇਰਬਦਲ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰਦਿਆਂ ਕੈਪਟਨ ਨੇ ਕਿਹਾ ਕਿ ਮੈਨੂੰ ਤਾਂ ਮੀਡੀਆ ਤੋਂ ਹੀ ਪਤਾ ਲੱਗਦਾ ਹੈ ਕਿ ਸਾਡੇ ਮੰਤਰੀ ਮੰਡਲ ਵਿਚ ਕੋਈ ਫੇਰਬਦਲ ਹੋਣ ਵਾਲਾ ਹੈ। ਸਾਡੇ ਮੰਤਰੀ ਚੰਗਾ ਕੰਮ ਕਰ ਰਹੇ ਹਨ। ਸਾਨੂੰ ਕਿਸੇ ਤਰ੍ਹਾਂ ਦਾ ਫੇਰਬਦਲ ਕਰਨ ਦੀ ਲੋੜ ਨਹੀਂ।

-----------------------------