ਕੈਲਾਸ਼ ਨਾਥ, ਚੰਡੀਗੜ੍ਹ : ਪੰਜਾਬ ਵਿਚ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਕਾਂਗਰਸ ਹਾਈਕਮਾਨ ਵੀ ਚਿੰਤਤ ਹੈ। ਸੋਮਵਾਰ ਨੂੰ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾ ਸਵਾਲ ਹੀ ਇਹੀ ਪੁੱਛਿਆ ਕਿ ਪੰਜਾਬ ਵਿਚ ਇੰਨੀ ਮਹਿੰਗੀ ਬਿਜਲੀ ਕਿਉਂ ਹੈ? ਇਸ 'ਤੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਅਕਾਲੀ ਦਲ ਇਸ ਲਈ ਜ਼ਿੰਮੇਵਾਰ ਹੈ। ਅਸੀਂ ਇਸ ਮਾਮਲੇ 'ਤੇ ਕੰਮ ਕਰ ਰਹੇ ਹਾਂ। ਛੇਤੀ ਹੀ ਹਾਂ-ਪੱਖੀ ਨਤੀਜੇ ਆਉਣਗੇ।

ਉਧਰ, ਕੈਪਟਨ ਨੇ ਸੋਨੀਆ ਗਾਂਧੀ ਨਾਲ ਇਕੱਲਿਆਂ ਮੁਲਾਕਾਤ ਵੀ ਕੀਤੀ। ਦਸ ਮਿੰਟ ਤਕ ਚੱਲੀ ਇਸ ਮੁਲਾਕਾਤ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਮੁੱਦਾ ਵੀ ਉੱਠਿਆ।

ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਲੈ ਕੇ ਸੋਨੀਆ ਗਾਂਧੀ ਨੇ ਕੈਪਟਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੋ ਪੜਾਵਾਂ ਵਿਚ ਹੋਈ। ਪਹਿਲੇ ਪੜਾਅ 'ਚ ਕੈਪਟਨ ਨਾਲ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਨ ਜਦਕਿ ਦੂਜੇ ਪੜਾਅ ਵਿਚ ਕੈਪਟਨ ਤੇ ਸੋਨੀਆ ਗਾਂਧੀ ਦੀ ਇਕੱਲਿਆਂ ਮੀਟਿੰਗ ਹੋਈ।

ਪਹਿਲੇ ਪੜਾਅ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਦਾ ਮੁੱਖ ਫੋਕਸ ਨਾਗਰਿਕ ਸੋਧ ਐਕਟ ਤੇ ਦੂਜਾ ਮਹਿੰਗੀ ਬਿਜਲੀ ਨੂੰ ਲੈ ਕੇ ਸੀ ਜਿਸ 'ਤੇ ਕੈਪਟਨ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ 'ਚ ਸੀਏਏ ਵਿਰੁੱਧ ਮਤਾ ਪਾਸ ਕੀਤਾ ਜਾ ਚੁੱਕਾ ਹੈ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਵੀ ਇਸ ਖ਼ਿਲਾਫ਼ ਜਾ ਰਹੀ ਹੈ। ਜਦਕਿ ਮਹਿੰਗੀ ਬਿਜਲੀ ਦਾ ਮੁੱਦਾ ਖ਼ੁਦ ਸੋਨੀਆ ਗਾਂਧੀ ਨੇ ਉਠਾਇਆ।

ਜਾਣਕਾਰੀ ਅਨੁਸਾਰ, ਸੁਨੀਲ ਜਾਖੜ ਨੇ ਵੀ ਇਸ ਨੂੰ ਵੱਡਾ ਮੁੱਦਾ ਦੱਸਿਆ। ਜਦਕਿ ਕੈਪਟਨ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਹੋਏ ਸਮਝੌਤੇ ਕਾਰਨ ਪੰਜਾਬ ਵਿਚ ਬਿਜਲੀ ਸਭ ਤੋਂ ਮਹਿੰਗੀ ਹੈ। ਜਾਣਕਾਰੀ ਅਨੁਸਾਰ ਕੋਲੇ ਸਬੰਧੀ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਕੇਸ ਹਾਰਨ ਤੇ ਇਸ ਕਾਰਨ 2800 ਕਰੋੜ ਰੁਪਏ ਦਾ ਬੋਝ ਜਨਤਾ 'ਤੇ ਪੈਣ ਦੇ ਮੁੱਦੇ ਤੋਂ ਵੱਖਰੇ ਤੌਰ 'ਤੇ ਕੈਪਟਨ ਨੇ ਕਿਹਾ ਕਿ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਛੇਤੀ ਹੀ ਇਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣਗੇ।

ਬਾਜਵਾ ਦਾ ਮੁੱਦਾ ਵੀ ਉੱਠਿਆ

ਮੰਨਿਆ ਜਾ ਰਿਹਾ ਹੈ ਕਿ ਸੋਨੀਆ ਤੇ ਕੈਪਟਨ ਦੀ ਮੁਲਾਕਾਤ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਦਾ ਮੁੱਦਾ ਵੀ ਉੱਠਿਆ। ਚੂੰਕਿ ਪੰਜਾਬ ਦੇ ਕੈਬਨਿਟ ਮੰਤਰੀ ਪਹਿਲਾਂ ਹੀ ਬਾਜਵਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਚੁੱਕੇ ਹਨ।

ਉਧਰ ਕੈਪਟਨ ਵੀ ਬਾਜਵਾ ਦੇ ਹਮਲਿਆਂ ਤੋਂ ਕਾਫ਼ੀ ਪਰੇਸ਼ਾਨ ਹਨ। ਮਹੱਤਵਪੂਰਨ ਇਹ ਹੈ ਕਿ ਸੰਭਾਵੀ ਤੌਰ 'ਤੇ ਦੂਜੇ ਕਾਰਜਕਾਲ ਦੌਰਾਨ ਇਹ ਪਹਿਲੀ ਮੌਕਾ ਸੀ ਜਦੋਂ ਮੁੱਖ ਮੰਤਰੀ ਨੇ ਕਿਸੇ ਆਗੂ ਦੀ ਸ਼ਿਕਾਇਤ ਸੋਨੀਆ ਗਾਂਧੀ ਨੂੰ ਕੀਤੀ ਹੈ। ਜਾਣਕਾਰੀ ਅਨੁਸਾਰ ਮੀਟਿੰਗ ਤੋਂ ਬਾਅਦ ਕੈਪਟਨ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੇ ਸਨ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੋਨੀਆ ਨੇ ਕੈਪਟਨ ਨੂੰ ਕੀ ਭਰੋਸਾ ਦਿੱਤਾ ਪਰ ਕੈਪਟਨ ਦੇ ਹਾਵ-ਭਾਵ ਤੋਂ ਇਸ ਗੱਲ ਦੇ ਸਪੱਸ਼ਟ ਸੰਕੇਤ ਮਿਲ ਰਹੇ ਸਨ ਕਿ ਮੀਟਿੰਗ ਕੈਪਟਨ ਲਈ ਕਾਫ਼ੀ ਮਾਕੂਲ ਰਹੀ। ਹਾਲਾਂਕਿ ਚਰਚਾ ਇਹ ਵੀ ਹੈ ਕਿ ਕੈਪਟਨ ਨੇ ਸੋਨੀਆ ਨਾਲ ਕੈਪਟਨ ਖ਼ਾਲੀ ਪਏ ਅਹੁਦਿਆਂ ਨੂੰ ਭਰਨ ਸਬੰਧੀ ਵੀ ਚਰਚਾ ਕੀਤੀ।