ਕੈਲਾਸ਼ ਨਾਥ, ਚੰਡੀਗੜ੍ਹ : ਆਉਣ ਵਾਲੇ ਠੰਡ ਦੇ ਦਿਨਾਂ 'ਚ ਪੰਜਾਬ ਸਕੱਤਰੇਤ ਦਾ ਮਾਹੌਲ ਵੀ ਠੰਢਾ ਰਹੇਗਾ। ਵਜ੍ਹਾ ਇਹ ਹੈ ਕਿ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਦੌਰੇ 'ਤੇ ਕਰੀਬ 2 ਹਫਤਿਆਂ ਲਈ ਵਿਦੇਸ਼ ਚਲੇ ਗਏ ਹਨ, ਜਦਕਿ ਅਫ਼ਸਰਸ਼ਾਹੀ ਦੇ ਮੁਖੀ ਭਾਵ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਪਹਿਲਾਂ ਹੀ ਅਮਰੀਕਾ 'ਚ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ 'ਚ ਸੁੰਨਸਾਨ ਪਸਰ ਗਈ ਹੈ।

ਇਸ ਲਈ ਕੰਮ ਕਰਵਾਉਣ ਆਉਣ ਵਾਲੇ ਹੁਣ ਦਸੰਬਰ ਤਕ 'ਠੰਡ ਰੱਖਣ'। ਪੰਜਾਬ 'ਚ ਸਰਕਾਰ ਦਾ ਮਤਲਬ ਹੀ ਕੈਪਟਨ ਤੇ ਸੁਰੇਸ਼ ਕੁਮਾਰ ਹਨ। ਇਸ ਲਿਹਾਜ ਨਾਲ ਕਿਹਾ ਜਾ ਸਕਦਾ ਹੈ ਕਿ 'ਸਰਕਾਰ' ਛੁੱਟੀ 'ਤੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਰਵਾਨਾ ਹੋਏ ਮੁੱਖ ਮੰਤਰੀ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਵੀ ਗਏ ਹਨ। ਐਡਵੋਕੇਟ ਜਨਰਲ ਅਤੁਲ ਨੰਦਾ ਤੇ ਕੁਸ਼ਲਦੀਪ ਢਿੱਲੋਂ ਆਪਣੇ ਪਰਿਵਾਰ ਨਾਲ ਗਏ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ 28 ਨਵੰਬਰ ਤਕ ਵਿਦੇਸ਼ 'ਚ ਹੀ ਰਹਿਣਗੇ।

ਉਂਜ ਤਾਂ ਪਿਛਲੇ 15 ਦਿਨਾਂ ਤੋਂ ਹੀ ਪੂਰੀ ਸਰਕਾਰ ਰਾਜਧਾਨੀ 'ਚ ਨਹੀਂ ਹੈ। ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਦੀਆਂ ਤਿਆਰੀਆਂ 'ਚ ਜੁਟੀ ਸੀ। ਇਸ ਕਾਰਨ ਸਰਕਾਰੀ ਕੰਮ ਕਾਜ ਰੁਕਿਆ ਹੋਇਆ ਸੀ। ਵਿਧਾਇਕਾਂ ਨੂੰ ਉਮੀਦ ਸੀ ਕਿ ਪ੍ਰਕਾਸ਼ ਪੁਰਬ ਦੇ ਸਮਾਗਮ ਸੰਪੰਨ ਹੋਣ ਤੋਂ ਬਾਅਦ ਸਰਕਾਰੀ ਕੰਮਕਾਜ 'ਚ ਰਫ਼ਤਾਰ ਆਵੇਗੀ ਪਰ ਮੁੱਖ ਮੰਤਰੀ ਦੇ ਵਿਦੇਸ਼ ਜਾਣ ਨਾਲ ਅਗਲੇ 15 ਦਿਨਾਂ ਤਕ ਕੰਮਕਾਜ ਦੀ ਰਫ਼ਤਾਰ ਹੋਰ ਘੱਟਣ ਹੋਣ ਵਾਲੀ ਹੈ।