ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨਸ਼ਾ ਛੁਡਾਊ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਹਰ ਛੇ ਮਹੀਨਿਆਂ ਬਾਅਦ ਨਸ਼ਾ ਛੁਡਾਊ ਕੇਂਦਰਾਂ ਵਿਚ ਯੂਰਿਨ (ਪਿਸ਼ਾਬ) ਟੈਸਟ ਜਲਦ ਸ਼ੁਰੂ ਕਰਨ ਜਾ ਰਹੀ ਹੈ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਆਪਣੇ ਫੇਸਬੁੱਕ ਲਾਈਵ ਸੈਸ਼ਨ 'ਕੈਪਟਨ ਨੂੰ ਸਵਾਲ' ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਹੀ। ਲੁਧਿਆਣਾ ਦੇ ਇਕ ਨੌਜਵਾਨ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਉਹ ਓਟ ਕਲੀਨਿਕਾਂ ਲਈ ਇਹ ਨਿਰਦੇਸ਼ ਦੇਣ ਕਿ ਪੁਰਾਣੀ ਰਵਾਇਤ ਅਨੁਸਾਰ ਇਕ ਸਮੇਂ ਵਿਚ 10 ਦਿਨਾਂ ਲਈ ਦਵਾਈ ਦਿੱਤੀ ਜਾਵੇ, ਨਹੀਂ ਤਾਂ ਰੋਜ਼ ਦੀ ਦਵਾਈ ਲੈਣ ਲਈ ਰੋਜ਼ਾਨਾ ਲੰਬਾ ਸਮਾਂ ਲਾਈਨਾਂ ਵਿਚ ਖੜ੍ਹ ਕੇ ਖਰਾਬ ਹੁੰਦਾ ਹੈ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਛੇਤੀ ਹੀ ਹਰੇਕ ਛੇ ਮਹੀਨਿਆਂ ਬਾਅਦ ਯੂਰਿਨ ਟੈਸਟ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਵਾਈ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਤਾਂ ਨਹੀਂ। ਉਨ੍ਹਾਂ ਕਿਹਾ ਕਿ ਜ਼ਿਆਦਾ ਮਾਤਰਾ ਵਿਚ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਇਸ ਨਾਲ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਹੈ।