ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਕਾਰਨ ਉਪਜੇ ਮੌਜੂਦਾ ਸੰਕਟ ਕਾਰਨ ਸੁਝਾਅ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੁਖਬੀਰ ਬਾਦਲ ਵੱਲੋਂ ਕੀਤੀ ਮੰਗ ਮੁਤਾਬਕ ਸਰਬ ਪਾਰਟੀ ਮੀਟਿੰਗ ਸੱਦਣ ਲਈ ਨਾ ਤਾਂ ਸਮਾਂ ਹੈ ਤੇ ਨਾ ਹੀ ਇਸ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ 5 ਅਪ੍ਰੈਲ ਨੂੰ ਲਿਖੇ ਪੱਤਰ 'ਚ ਉਠਾਏ ਮਸਲਿਆਂ ’ਤੇ ਸੂਬਾ ਸਰਕਾਰ ਪਹਿਲਾਂ ਦੀ ਅਸਰਦਾਰ ਢੰਗ ਨਾਲ ਕਦਮ ਉਠਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਮੰਗ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸੂਬਾ ਇਕ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਸਾਰਾ ਜਨ-ਜੀਵਨ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਇਹ ਇਕ ਬਹੁਤ ਵੱਡੀ ਚੁਣੌਤੀ ਹੈ ਜਿਸ ਖ਼ਿਲਾਫ਼ ਲੜੀ ਜਾ ਰਹੀ ਲੜਾਈ ਐਨ ਸਿਖਰ ’ਤੇ ਚੱਲ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਸਮੁੱਚਾ ਪ੍ਰਸ਼ਾਸਨ, ਗ਼ੈਰ-ਸਰਕਾਰੀ ਸਮਾਜਿਕ ਅਦਾਰੇ, ਧਾਰਮਿਕ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਦਾ ਹਰ ਨਾਗਰਿਕ ਇਸ ਮੁਹਿੰਮ 'ਚ ਤਨਦੇਹੀ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾੜੀ ਦੀ ਫ਼ਸਲ ਦੀ ਵਾਢੀ ਤੇ ਉਸ ਦੀ ਖਰੀਦ, ਇਕ ਹੋਰ ਵੱਡੀ ਚਣੌਤੀ ਸਾਡੇ ਸਾਹਮਣੇ ਹੈ ਜਿਸ ਨਾਲ ਨਜਿੱਠਣ ਵਾਸਤੇ ਰਾਜ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧਾਂ ਦੀ ਤਿਆਰੀ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ। ਸਾਉਣੀ ਦੀ ਬਿਜਾਈ ਲਈ ਵੀ ਢੁਕਵੇਂ ਪ੍ਰਬੰਧ ਕਰਨੇ ਹੋਣਗੇ ਤੇ ਸਾਡੀ ਆਰਥਿਕਤਾ ਇਨ੍ਹਾਂ ਦੋਵਾਂ ਫ਼ਸਲਾਂ ਦੀ ਬਿਹਤਰ ਸੰਭਾਲ ’ਤੇ ਨਿਰਭਰ ਕਰਦੀ ਹੈ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੌਜੂਦਾ ਸੰਕਟ ਅਤੇ ਭਵਿੱਖੀ ਚੁਣੌਤੀਆਂ ਨਾਲ ਨਿਪਟਣ ਲਈ ਕਿਸੇ ਵੀ ਹੋਰ ਮਸ਼ਵਰੇ ਦਾ ਉਹ ਸਵਾਗਤ ਕਰਨਗੇ।

ਉਨ੍ਹਾਂ ਸੁਖਬੀਰ ਬਾਦਲ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸਾਰੇ ਅਜਿਹੇ ਸੁਝਾਵਾਂ ’ਤੇ ਉਹ ਪੂਰੀ ਸੰਜੀਦਗੀ ਨਾਲ ਵਿਚਾਰ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੋਮਣੀ ਅਕਾਲੀ ਦਲ ਇਸ ਜਾਨਲੇਵਾ ਰੋਗ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਨੂੰ ਆਪਣਾ ਪੂਰਨ ਸਮਰਥਨ ਤੇ ਸਹਿਯੋਗ ਦੇਣਾ ਜਾਰੀ ਰੱਖੇਗਾ।

Posted By: Seema Anand