ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਫੇਸਬੁੱਕ ਲਾਈਵ ਜ਼ਰੀਏ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਮੰਨਿਆ ਕਿ ਆਨਲਾਈਨ ਸਿੱਖਿਆ ਸਭ ਲਈ ਨਹੀਂ ਹੈ ਕਿਉਂਕਿ ਕੁਝ ਅਜਿਹਾ ਤਬਕਾ ਵੀ ਹੈ ਜੋ ਇਸ ਸਹੂਲਤ ਨਾਲ ਨਹੀਂ ਜੁੜ ਸਕਦਾ। ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਉਹ ਜਲਦ ਇਸ ਦਾ ਕੋਈ ਹੱਲ ਕੱਢੇ ਤਾਂ ਜੋ ਹਰ ਵਰਗ ਨੂੰ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਅੰਤ ਕਦੋਂ ਹੋਵੇਗਾ, ਕਿਸੇ ਨੂੰ ਨਹੀਂ ਪਤਾ। ਇਸ ਲਈ ਜ਼ਰੂਰੀ ਹੈ ਕਿ ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।


ਵੱਡੀ ਰੈਲੀ ਨਾ ਕਰਨ ਸਿਆਸੀ ਨੇਤਾ

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮਾਂ 'ਚ 17 ਪੀਸੀਐੱਸ ਅਧਿਕਾਰੀ ਤੇ ਦੋ ਆਈਏਐੱਸ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਕੋਵਿਡ-19 ਦੀ ਲਪੇਟ 'ਚ ਹਨ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਰੈਲੀ ਨਾ ਕਰਨ, ਕਿਉਂਕਿ ਇਸ ਨਾਲ ਕੋਰੋਨਾ ਦਾ ਖਤਰਾ ਵੱਧ ਸਕਦਾ ਹੈ। ਰੈਲੀ ਦੌਰਾਨ ਹਰ ਕੋਈ ਕੋਰੋਨਾ ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਏ।'ਢੀਂਡਸਾ ਦੀ ਪਾਰਟੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ'

ਫੇਸਬੁੱਕ 'ਤੇ ਇਕ ਵਿਅਕਤੀ ਨੇ ਪੁੱਛਿਆ,'ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਬਣਾਈ ਹੈ। ਕੀ ਇਹ ਕਾਂਗਰਸ ਦੀ ਸ਼ੈਅ 'ਤੇ ਹੋਇਆ ਹੈ? ਇਸ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ, 'ਕਾਂਗਰਸ ਅਕਾਲੀ ਦਲ ਦੀ ਸਿਆਸਤ 'ਚ ਦਖ਼ਲ ਨਹੀਂ ਦਿੰਦੀ। ਢੀਂਡਸਾ ਜ਼ਿੰਦਗੀ ਭਰ ਅਕਾਲੀ ਦਲ 'ਚ ਸਿਆਸਤ ਕਰਦੇ ਰਹੇ। ਉਨ੍ਹਾਂ ਨੂੰ ਲੋਕਤੰਤਰ 'ਚ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਬਣਾਉਣ। ਉਂਜ ਵੀ ਅਕਾਲੀ ਦਲ ਕੋਈ ਪਹਿਲੀ ਵਾਰ ਨਹੀਂ ਟੁੱਟਿਆ ਹੈ। 1984 'ਚ ਹੀ ਸੱਤ ਅਕਾਲੀ ਦਲ ਸਨ। ਇਹ ਪਾਰਟੀ ਤਾਂ ਟੁੱਟਦੀ ਰਹਿੰਦੀ ਹੈ, ਜੋ ਹਾਲਾਤ ਹਨ, 2-4 ਅਕਾਲੀ ਦਲ ਹੋਰ ਬਣ ਜਾਣਗੇ।

Posted By: Seema Anand