ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੱਲੋਂ ਪੰਜਾਬ ਦੇ ਰਾਜਪਾਲ ਦੀ ਆਲੋਚਨਾ ਕਰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਦੇ ਬਚਾਅ ਵਿਚ ਅੱਗੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨਕ ਅਹੁਦੇ ਦੀ ਅਜਿਹੀ ਆਲੋਚਨਾ ਬਿਲਕੁਲ ਗ਼ੈਰ-ਜ਼ਰੂਰੀ ਸੀ, ਜਿਸ ਦੀ ਕੋਈ ਤੁਕ ਨਹੀਂ ਸੀ ਬਣਦੀ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਹਾਲਾਤ ਨੂੰ ਵੇਖਦੇ ਤੇ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਦੇ ਮੱਦੇਨਜ਼ਰ ਖ਼ਾਸਕਰ ਆਪਸੀ ਦੂਰੀ ਬਣਾਏ ਰੱਖੇ ਜਾਣ ਸਬੰਧੀ, ਰਾਜਪਾਲ ਦਾ ਵਤੀਰਾ ਮਿਸਾਲੀ ਸੀ। ਕੈਪਟਨ ਨੇ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਕੋਵਿਡ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਕੀਤੇ ਜਾਣ ਦੀ ਲੋੜ ਹੈ ਤੇ ਸਾਬਕਾ ਡਿਪਟੀ ਸਪੀਕਰ ਦੀਆਂ ਟਿੱਪਣੀਆਂ ਉਨ੍ਹਾਂ ਵਰਗੇ ਸੀਨੀਅਰ ਸਿਆਸਤਦਾਨ ਨੂੰ ਨਹੀਂ ਸੋਭਦੀਆਂ।

ਰਾਜਪਾਲ ਵੱਲੋਂ ਕੋਵਿਡ ਫੈਲਣ ਕਾਰਨ ਸੰਸਦ ਮੈਂਬਰਾਂ ਤੇ ਹੋਰ ਮੁਲਾਕਾਤੀਆਂ ਨੂੰ ਇੱਜ਼ਤ ਨਾ ਬਖ਼ਸ਼ੇ ਜਾਣ ਸਬੰਧੀ ਬੀਰਦਵਿੰਦਰ ਦੀ ਟਿੱਪਣੀ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਨੇ ਸਥਿਤੀ ਨੂੰ ਨਹੀਂ ਸਮਿਝਆ ਤੇ ਇਹ ਬਿਆਨ ਉਨ੍ਹਾਂ ਵਿਚ ਪ੍ਰਪੱਕਤਾ ਦੀ ਘਾਟ ਦਾ ਮੁਜ਼ਾਹਰਾ ਹੈ। ਉਨ੍ਹਾਂ ਕਿਹਾ ਕਿ ਬੀਰਦਵਿੰਦਰ ਖ਼ੁਦ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਵਰਗੇ ਸੰਵਿਧਾਨਕ ਅਹੁਦੇ ਉੱਤੇ ਰਹਿ ਚੁੱਕੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਦੀ ਮਾਣ-ਮਰਿਆਦਾ ਦੀ ਇੱਜ਼ਤ ਕਰਨ ਦਾ ਹੋਰ ਵਧੇਰੇ ਪਤਾ ਹੋਣਾ ਚਾਹੀਦਾ ਸੀ।

ਪੰਜਾਬ ਦੇ ਸਾਰੇ ਮੰਤੀਆਂ ਤੇ ਵਿਧਾਇਕਾਂ (ਭਾਜਪਾ ਨੂੰ ਛੱਡ ਕੇ) ਦੀ ਰਾਜਪਾਲ ਨਾਲ 22 ਅਕਤੂਬਰ ਨੂੰ ਹੋਈ ਮੁਲਾਕਾਤ ਉੱਤੇ ਬੀਰਦਵਿੰਦਰ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਅਤੇ ਨਾ ਹੀ ਕਿਸੇ ਵਿਧਾਇਕ ਨੇ ਇਸ ਮੀਟਿੰਗ ਸਬੰਧੀ ਸ਼ਿਕਾਇਤ ਕਰਨ ਦੀ ਕੋਈ ਵਜ੍ਹਾ ਦੇਖੀ। ਕੈਪਟਨ ਨੇ ਕਿਹਾ, ''ਬੀਰਦਵਿੰਦਰ ਸਿੰਘ ਵੱਲੋਂ ਅਜਿਹੀ ਸਥਿਤੀ ਉੱਤੇ ਨਾ ਖੁਸ਼ੀ ਜ਼ਾਹਰ ਕੀਤੇ ਜਾਣ ਦੀ ਨਾ ਸਿਰਫ ਕੋਈ ਵਜ੍ਹਾ ਹੀ ਪੱਲੇ ਨਹੀਂ ਪੈਂਦੀ ਸਗੋਂ ਖ਼ਬਰਾਂ ਵਿਚ ਬਣੇ ਰਹਿਣ ਦੀ ਇੱਛਾ ਜਾਪਦੀ ਹੈ''।