ਜੈ ਸਿੰਘ ਛਿੱਬਰ, ਚੰਡੀਗਡ਼੍ਹ : Captain Amrinder Singh New Party: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਉਹ ਆਪਣੇ ਨਵੇਂ ਸਿਆਸੀ ਕਦਮ ਦਾ ਐਲਾਨ ਕਰ ਸਕਦੇ ਹਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਉਹ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਉਹ ਅਹੁਦੇਦਾਰਾਂ ਦਾ ਵੀ ਐਲਾਨ ਕਰ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵੱਲੋਂ ਸਾਢੇ ਚਾਰ ਸਾਲ ਦੇ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਾਢੇ 9 ਸਾਲ ਪੰਜਾਬ ਦਾ ਗ੍ਰਹਿ ਮੰਤਰੀ ਰਿਹਾ ਹਾਂ। ਇਸ ਲਈ ਪੰਜਾਬ ਦੇ ਮਸਲਿਆਂ ਤੋਂ ਭਲੀਭਾਂਤ ਜਾਣੂ ਹਾਂ। ਸੁਰੱਖਿਆ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ।

ਕੈਪਟਨ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਮੇਰੇ ਕਾਰਜਕਾਲ ਵਿਚ 92 ਫੀਸਦ ਕੰਮ ਹੋਏ ਹਨ। ਕੰਮ ਨਾ ਹੋੋਣ ਦੇ ਇਲਜ਼ਾਮ ਸਰਾਸਰ ਝੂਠੇ ਹਨ। ਵਿਰੋਧੀ ਜਾਣ ਬੁੱਝ ਕੇ ਮੇਰਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ 18 ਸੂਤਰੀ ਏਜੰਡਾ ਪਾਰ ਕਰ ਚੁੱਕਾ ਹਾਂ। ਅਸੀਂ ਬਿਨਾਂ ਮੈਨੀਫੈਸਟੋ ਦੇ ਵੀ ਕਈ ਕੰਮ ਕੀਤੇ ਹਨ।

ਉਨ੍ਹਾਂ ਬੀਐਸਐਫ ਦੇ ਦਾਇਰੇ ਦੇ ਅਧਿਕਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਕੋਈ ਖਤਰਾ ਨਹੀਂ। ਪੰਜਾਬ ਪੁਲਿਸ ਨੂੰ ਬੀਐਸਐਫ ਦੀ ਮਦਦ ਦੀ ਲੋਡ਼ ਹੈ। ਇਸ ਨਾਲ ਸੂਬਿਆਂ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗੇਗੀ।

ਉਨ੍ਹਾਂ ਕਿਹਾ ਕਿ ਬੀਐਸਐਫ ਪੰਜਾਬ ’ਤੇ ਕਬਜ਼ਾ ਕਰਨ ਨਹੀਂ ਸਗੋਂ ਪੰਜਾਬ ਦੇ ਹਾਲਾਤ ਸੁਧਾਰਣ ਲਈ ਮਦਦ ਕਰਨ ਆ ਰਹੀ ਹੈ।

ਉਨ੍ਹਾਂ ਨਵੀਂ ਪਾਰਟੀ ਦੇ ਐਲਾਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਬਣਾਉਣ ਲਈ ਕੰਮ ਚੱਲ ਰਿਹਾ ਹੈ। ਅਜੇ ਪਾਰਟੀ ਦਾ ਨਾਂ ਤੈਅ ਨਹੀਂ ਹੋਇਆ। ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਹੀ ਨਵੀਂ ਪਾਰਟੀ ਦਾ ਐਲਾਨ ਕਰਾਂਗਾ। ਉਨ੍ਹਾਂ ਕਿਹਾ ਕਿ ਕਈ ਕਾਂਗਰਸੀ ਮੇਰੇ ਸੰਪਰਕ ਵਿਚ ਹਨ। ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ। ਸਮਾਂ ਆਉਣ ’ਤੇ ਪਾਰਟੀ ਦਾ ਐਲਾਨ ਕਰ ਦੇਵਾਂਗਾ। ਸਾਰੀਆਂ 117 ਪਾਰਟੀਆਂ ’ਤੇ ਚੋਣ ਲਡ਼ੀ ਜਾਵੇਗੀ। ਅਸੀਂ ਕਰਡ਼ੀ ਟੱਕਰ ਦੇਣ ਲਈ ਰੋਡਮੈਪ ਤਿਆਰ ਕਰ ਰਹੇ ਹਾਂ।

ਉਨ੍ਹਾਂ ਕਿਸਾਨੀ ਦੇ ਮੁੱਦੇ ’ਤੇ ਕਿਹਾ ਕਿ ਭਾਵੇਂ ਕਿਸਾਨਾਂ ਨਾਲ ਉਨ੍ਹਾਂ ਦੀ ਕੋਈ ਸਿੱਧੀ ਗੱਲ ਨਹੀਂ ਹੋਈ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਗੱਲਬਾਤ ਲਗਾਤਾਰ ਚੱਲ ਰਹੀ ਹੈ। ਮੈਂ ਉਨ੍ਹਾਂ ਨੂੰ ਕਿਸਾਨੀ ਮੁੱਦੇ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ।

ਅਰੂਸਾ ਆਲਮ ਨੂੰ ਲੈ ਕੇ ਛਿੜੀ ਸਿਆਸਤ ਬਾਰੇ ਉਨ੍ਹਾਂ ਕਿਹਾ ਕਿ 16 ਸਾਲ ਤੋਂ ਉਹ ਭਾਰਤ ਆ ਰਹੀ ਹੈ। ਉਦੋਂ ਦੀ ਕਿਸੇ ਨੂੰ ਕੋਈ ਯਾਦ ਨਹੀਂ ਆਈ ਕਿ ਉਸ ਦਾ ਆਈਐਸਆਈ ਨਾਲ ਸਬੰਧ ਹਨ। ਰੰਧਾਵਾ ਵੀ ਮੇਰੀ ਵਜ਼ਾਰਤ ਵਿਚ 4 ਸਾਲ ਰਿਹੈ ਪਰ ਉਸ ਵੇਲੇ ਮੰਤਰੀ ਰਹਿੰਦਿਆਂ ਵੀ ਉਸ ਨੂੰ ਅਰੂਸਾ ਦੀ ਯਾਦ ਨਹੀਂ ਆਈ।

ਕੈਪਟਨ ਨੇ ਕਿਹਾ ਕਿ ਕੇਂਦਰ ਨੂੰ ਪਤਾ ਹੈ ਕਿ ਡ੍ਰੋਨ ਰਾਹੀਂ ਨਸ਼ਾ ਅਤੇ ਹਥਿਆਰ ਪੰਜਾਬ ਆ ਰਹੇ ਹਨ। ਇਸ ਲਈ ਉਨ੍ਹਾਂ ਬੀਐਸਐਫ ਦਾ ਦਾਇਰਾ ਵਧਾਇਆ ਹੈ। ਪਹਿਲਾਂ ਡ੍ਰੋਨ ਨਸ਼ਾ, ਏਕੇ 47 ਤੇ ਪੈਸੇ ਲੈ ਕੇ ਆਉਂਦੇ ਸਨ। ਹੌਲੀ ਹੌਲੀ ਉਨ੍ਹਾਂ ਦਾ ਦਾਇਰਾ ਵਧਦਾ ਜਾ ਰਿਹਾ ਹੈ। ਇਸ ਲਈ ਹੀ ਬੀਐਸਐਫ ਦਾ ਦਾਇਰਾ ਵਧਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਕੱਲ੍ਹ ਮੈਂ ਦਿੱਲੀ ਜਾ ਰਿਹਾ ਹਾਂ ਅਤੇ ਉਥੇ ਕਿਸਾਨ ਮੁੱਦੇ ’ਤੇ ਗ੍ਰਹਿ ਮੰਤਰੀ ਨਾਲ ਚੱਲ ਰਹੀ ਗੱਲਬਾਤ ਨੂੰ ਅੱਗੇ ਤੋਰਾਂਗਾ।

Posted By: Tejinder Thind