ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਵਿਦਿਆਰਥੀ ਸੰਸਦ (ਬੀਸੀਐੱਸ) ਨੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਵਧੀਆ ਸ਼ਾਸਨ ਅਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਪਹਿਲਕਦਮੀਆਂ ਲਈ ਮਾਣਮੱਤੇ 'ਆਦਰਸ਼ ਮੁੱਖ ਮੰਤਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ।

ਐਤਵਾਰ ਨੂੰ ਇੱਥੇ ਬੀਸੀਐੱਸ ਦੇ ਚਾਰ ਰੋਜ਼ਾ ਕੌਮੀ ਸੰਮੇਲਨ ਦੇ 10ਵੇਂ ਸਮਾਰੋਹ ਦੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਵਾਰਡ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਭਾਰਤ ਰਤਨ ਪ੍ਰਣਾਬ ਮੁਖਰਜੀ ਨੇ ਭੇਟ ਕੀਤਾ। ਬੀਸੀਐੱਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਾਲ ਤਜਰਬੇ ਅਤੇ ਅਮਲ 'ਚ ਲਿਆਂਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰਿਆ ਜਿਨ੍ਹਾਂ ਸਦਕਾ ਉਨਾਂ ਨੂੰ ਸਮਾਜ ਵਿਚ ਵਡਿਆਈ ਅਤੇ ਵਿਲੱਖਣ ਪਛਾਣ ਮਿਲੀ।

ਇਸ ਮੌਕੇ ਹਾਜ਼ਰ ਉੱਘੀਆਂ ਸ਼ਖ਼ਸੀਅਤਾਂ ਵਿਚ ਕੇਂਦਰੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜਿਜੂ, ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਕੁਵੰਰ ਨਟਵਰ ਸਿੰਘ, ਪਦਮ ਵਿਭੂਸ਼ਣ ਅਤੇ ਔਰੋਵਿਲੇ ਫਾਊਂਡੇਸ਼ਨ ਦੇ ਚੇਅਰਮੈਨ ਡਾ. ਕਰਨ ਸਿੰਘ, ਐੱਮਆਈਟੀ-ਐੱਸਓਜੀ ਦੇ ਕਾਰਜਕਾਰੀ ਡਾਇਰੈਕਟਰ ਰਾਹੁਲ ਕਰਾਦ ਅਤੇ ਐੱਮਆਈਟੀ ਵਰਲਡ ਪੀਸ ਯੂਨੀਵਰਸਿਟੀ ਪੁਣੇ ਦੇ ਸੰਸਥਾਪਕ ਡਾ. ਵਿਸ਼ਵਾਨਾਥ ਕਰਾਦ ਸ਼ਾਮਲ ਸਨ।

ਇਸ ਤੋਂ ਪਹਿਲਾਂ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਬਾਰੇ ਕੀਤੇ ਸ਼ਾਨਦਾਰ ਵਰਨਣ ਮੁਤਾਬਕ, 'ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਸਾਫ਼-ਸੁਥਰਾ ਸ਼ਾਸਨ ਮੁਹੱਈਆ ਕਰਵਾਉਣ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਦ੍ਰਿੜ੍ਹ ਨਿਸ਼ਚੇ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨ ਕਰਜ਼ਾ ਮਾਫ਼ੀ ਸਕੀਮ ਅਤੇ ਕੁਦਰਤੀ ਖੇਤੀ ਦਾ ਆਰੰਭ ਕੀਤਾ ਜਿਸ ਸਦਕਾ ਸੂਬੇ ਵਿਚ ਖੇਤੀਬਾੜੀ ਵਿਕਾਸ ਸੰਭਵ ਹੋਇਆ। ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾ ਕੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਇਆ। ਭਾਰਤ-ਪਾਕਿ ਦਰਮਿਆਨ ਕੁੜੱਤਣ ਭਰੇ ਰਿਸ਼ਤਿਆਂ ਨੂੰ ਭਲੀ-ਭਾਂਤ ਜਾਣਦੇ ਹੋਏ ਸਾਲ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਮੌਕੇ ਦੁਵੱਲੀ ਕੂਟਨੀਤੀ ਵਰਤੀ।'

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਨੂੰ ਸਰਗਰਮ ਸਿਆਸਤ 'ਚ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਹ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਮੁਲਕ ਦੀ ਤਕਦੀਰ ਬਦਲਣ ਲਈ ਭਵਿੱਖ ਦੇ ਲੀਡਰਾਂ ਵਜੋਂ ਅੱਗੇ ਆਉਣ। ਉਨ੍ਹਾਂ ਸਿਆਸਤ 'ਚ ਕੁੱਦਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਪੋ-ਆਪਣੇ ਸੂਬਿਆਂ ਦੇ ਸਮਾਜਿਕ-ਆਰਥਿਕ ਖੇਤਰ ਦੇ ਨਾਲ ਜਨ-ਸੰਖਿਆ ਵਰਗੀਆਂ ਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੀ ਅਪੀਲ ਕੀਤੀ।।ਮੁੱਖ ਮੰਤਰੀ ਨੇ ਕਿਹਾ, 'ਸਿਆਸਤ ਸੌਖਾ ਪੇਸ਼ਾ ਨਹੀਂ ਹੈ ਸਗੋਂ 24 ਘੰਟੇ ਸਰਗਰਮ ਰਹਿਣਾ ਪੈਂਦਾ ਹੈ। ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਤਹਾਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨਗੀਆਂ ਹੋਣਗੀਆਂ।'

ਜ਼ਿਕਰਯੋਗ ਹੈ ਕਿ ਸਾਲ 2015 'ਚ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2016 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਅਤੇ ਸਾਲ 2017 'ਚ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਰਕਾਰ ਅਤੇ ਸਾਲ 2019 ਵਿਚ ਬੀਸੀਐੱਸ ਦੇ 9ਵੇਂ ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਸੀ।

Posted By: Amita Verma