ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਨਾਗਰਿਕਤਾ ਸੋਧ ਬਿੱਲ ਦੇ ਸਬੰਧ ਵਿਚ ਅਫ਼ਗਾਨਿਸਤਾਨ ਦੇ ਸਿੱਖਾਂ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਘਟੀਆ ਸਿਆਸਤ ਖੇਡਣ ਵਿਚ ਵਧੇਰੇ ਦਿਲਚਸਪੀ ਰੱਖਦਾ ਹੈ।

ਇਸ ਮਸਲੇ 'ਤੇ ਸੁਖਬੀਰ ਬਾਦਲ ਵੱਲੋਂ ਕੀਤੀ ਬਿਆਨਬਾਜ਼ੀ 'ਤੇ ਉਨ੍ਹਾਂ ਨੂੰ ਸਵਾਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਆਪਣੇ ਸੌੜੇ ਸਿਆਸੀ ਫ਼ਾਇਦਿਆਂ ਖਾਤਰ ਮੁਲਕ ਦੇ ਧਰਮ ਨਿਰਪੱਖ ਸਰੂਪ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹੋ।'

ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਅਤੇ ਸੰਵਿਧਾਨ ਦੀ ਰਾਖੀ ਖਾਤਰ ਲੜਾਈ ਲੜ ਰਹੇ ਲੋਕ ਮਾਰੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸੁਖਬੀਰ ਅਜਿਹੀ ਗੰਭੀਰ ਸਥਿਤੀ 'ਤੇ ਹੋਛੀ ਪੱਧਰ ਦੀ ਸਿਆਸਤ ਖੇਡਣ ਵਿਚ ਰੁੱਝਿਆ ਹੋਇਆ ਹੈ।

ਸੁਖਬੀਰ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫ਼ਗਾਨਿਸਤਾਨ ਤੋਂ ਹਿਜ਼ਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿਚ ਨਹੀਂ ਹਨ, ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ ਹੈ, ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਆਧਾਰ ਹੈ, ਨਾਲ ਛੇੜ-ਛਾੜ ਕੀਤੇ ਜਾਣ ਦੀ ਖ਼ਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਅਤੇ ਕੇਂਦਰ ਸਰਕਾਰ ਵਿਚ ਅਕਾਲੀ ਦਲ ਵੀ ਭਾਈਵਾਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਬਾਰੇ ਆਪਣੇ ਮੁੱਢਲੇ ਪ੍ਰਤੀਕ੍ਮ ਵਿਚ ਇਹ ਨਹੀਂ ਕਿਹਾ ਸੀ ਕਿ ਇਸ ਸੋਧ ਬਿੱਲ ਦਾ ਲਾਭ ਮੁਸਲਮਾਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ? ਉਨ੍ਹਾਂ ਨੇ ਇਸ ਮਸਲੇ 'ਤੇ ਅਕਾਲੀਆਂ ਵੱਲੋਂ ਯੂ-ਟਰਨ ਲਏ ਜਾਣ 'ਤੇ ਇਸ ਦਾ ਜਵਾਬ ਦੇਣ ਲਈ ਆਖਿਆ। ਉਨ੍ਹਾਂ ਨੇ ਸ਼ੋ੍ਮਣੀ ਅਕਾਲੀ ਦਲ ਨੂੰ ਇਸ ਮਸਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ।

ਕੈਪਟਨ ਨੇ ਕਿਹਾ ਕਿ ਭਾਰਤ ਦੀਆਂ ਧਰਮ ਨਿਰਪੱਖ ਤੰਦਾਂ ਹਮੇਸ਼ਾ ਹੀ ਇਸ ਦੀ ਮਜ਼ਬੂਤੀ ਦਾ ਆਧਾਰ ਰਹੀਆਂ ਹਨ ਅਤੇ ਇਸ ਨਾਲ ਕਿਸੇ ਕਿਸਮ ਦੀ ਛੇੜ-ਛਾੜ ਦੀ ਕਾਂਗਰਸ ਪਾਰਟੀ ਅਤੇ ਦੇਸ਼ ਵਾਸੀ ਡੱਟ ਕੇ ਵਿਰੋਧ ਕਰਨਗੇ। ਅਸਾਮ ਵਿਚ ਕਾਰਗਿਲ ਜੰਗ ਦੇ ਇਕ ਯੋਧੇ ਨੂੰ ਵਿਦੇਸ਼ੀ ਦੱਸ ਕੇ ਨਜ਼ਰਬੰਦੀ 'ਚ ਕੇਂਦਰ ਵਿਚ ਭੇਜਣ ਦੀ ਤਾਜਾ ਘਟਨਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਭਾਈਵਾਲ ਅਜਿਹੀਆਂ ਖਤਰਨਾਕ ਕਾਰਵਾਈਆਂ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਸੋਚੇ-ਸਮਝੇ ਬਿਨਾਂ ਮੁਲਕ ਦੀਆਂ ਨੀਹਾਂ ਨੂੰ ਕਮਜ਼ੋਰ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ। ਕੈਪਟਨ ਨੇ ਕਿਹਾ ਕਿ ਇਕ ਫ਼ੌਜੀ ਦੀ ਵਫ਼ਾਦਾਰੀ ਅਤੇ ਦੇਸ਼ ਭਗਤੀ 'ਤੇ ਕਿਵੇਂ ਸਵਾਲ ਕੀਤੇ ਜਾ ਸਕਦੇ ਹਨ ਜੋ ਆਪਣੇ ਮੁਲਕ ਲਈ ਲੜਿਆ ਹੋਵੇ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਜਿਸ ਨੇ ਆਪਣੀ ਜਾਨ ਜੋਖ਼ਮ ਵਿਚ ਪਾਈ ਹੋਵੇ।