ਕੈਲਾਸ਼ ਨਾਥ, ਚੰਡੀਗੜ੍ਹ : ਪੰਜਾਬ 'ਚ ਦੋ ਦਹਾਕਿਆਂ ਤਕ ਕਾਂਗਰਸ ਦਾ ਧੁਰਾ ਰਹੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜਕਲ੍ਹ ਚੁੱਪ ਹਨ। ਉਹ ਇਨ੍ਹੀਂ ਦਿਨੀਂ ਸਰਗਰਮ ਸਿਆਸਤ ਤੋਂ ਦੂਰ ਹਨ। ਕਾਂਗਰਸ ਛੱਡ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕੈਪਟਨ ਨੇ ਸਿਆਸਤ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਇੰਗਲੈਂਡ ਤੋਂ ਆਪਣੀ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਸਿਆਸਤ ਤੋਂ ਦੂਰ ਹੋਣ, ਪਰ ਉਹ ਅਜੇ ਵੀ ਆਪਣੇ ਦੋਸਤਾਂ 'ਚ ਕਾਫੀ ਸਰਗਰਮ ਹਨ। ਮੰਨਿਆ ਜਾ ਰਿਹਾ ਹੈ ਕਿ ਸਿਹਤ ਲਾਭ ਲੈਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਗਲੇ ਦੋ-ਤਿੰਨ ਮਹੀਨਿਆਂ 'ਚ ਮੁੜ ਸਰਗਰਮ ਸਿਆਸਤ ਕਰਦੇ ਨਜ਼ਰ ਆਉਣਗੇ।

ਕੈਪਟਨ ਬੇਸ਼ੱਕ ਸਿਆਸਤ ਤੋਂ ਦੂਰ ਰਹੇ ਹੋਣ ਪਰ ਉਹ ਰਾਸ਼ਟਰਮੰਡਲ ਖੇਡਾਂ ਦੌਰਾਨ ਟਵਿੱਟਰ 'ਤੇ ਐਕਟਿਵ ਰਹੇ। ਉਨ੍ਹਾਂ ਤਗਮੇ ਜਿੱਤਣ 'ਤੇ ਟਵੀਟ ਕਰ ਕੇ ਦੇਸ਼ ਦੇ ਖਿਡਾਰੀਆਂ ਖਾਸ ਕਰਕੇ ਪੰਜਾਬ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। ਕੈਪਟਨ ਭਾਵੇਂ ਸਿਆਸੀ ਲੋਕਾਂ ਤੋਂ ਦੂਰ ਹੋਣ, ਪਰ ਉਹ ਸਿਆਸਤ ਤੋਂ ਦੂਰ ਨਹੀਂ ਹੋਏ। ਕੈਪਟਨ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨਾਲ ਸਰਗਰਮ ਭੂਮਿਕਾ ਵਿੱਚ ਨਜ਼ਰ ਆਉਣਗੇ।

ਦੱਸ ਦੇਈਏ ਕਿ ਕਾਂਗਰਸ ਛੱਡ ਕੇ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਸੀ। ਇਸ ਪਾਰਟੀ ਨੇ ਭਾਜਪਾ ਨਾਲ ਗਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਹੀਆਂ। ਕੈਪਟਨ ਨੂੰ ਦੋ ਦਹਾਕਿਆਂ 'ਚ ਪਹਿਲੀ ਵਾਰ ਕਿਸੇ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਟਿਆਲਾ ਤੋਂ ਵੀ ਆਪਣੀ ਸੀਟ ਨਹੀਂ ਬਚਾ ਸਕੇ, ਜਦਕਿ ਕੈਪਟਨ ਅਮਰਿੰਦਰ ਸਿੰਘ ਪਿਛਲੀਆਂ ਚਾਰ ਵਿਧਾਨ ਸਭਾ ਚੋਣਾਂ ਪਟਿਆਲਾ ਤੋਂ ਜਿੱਤਦੇ ਰਹੇ ਹਨ।

ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਵਿੱਚ ਰਲੇਵੇਂ ਦੀ ਚਰਚਾ ਗਰਮ ਰਹੀ ਹੈ, ਹਾਲਾਂਕਿ ਇਹ ਰਲੇਵਾਂ ਅਜੇ ਤਕ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਕੈਪਟਨ ਦੀ ਅਹਿਮ ਭੂਮਿਕਾ ਹੋਵੇਗੀ। ਉਹ ਚੋਣ ਲੜਨਗੇ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੈ ਕਿਉਂਕਿ ਚੋਣ ਲੜਨਾ ਉਨ੍ਹਾਂ ਦੀ ਸਿਹਤ 'ਤੇ ਨਿਰਭਰ ਕਰੇਗਾ, ਪਰ ਉਹ ਭਾਜਪਾ ਨਾਲ ਸਰਗਰਮ ਭੂਮਿਕਾ ਜ਼ਰੂਰ ਨਿਭਾਉਣਗੇ।

ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜਨ ਤੋਂ ਬਾਅਦ ਭਾਜਪਾ ਪੰਜਾਬ 'ਚ ਅਜੇ ਤਕ ਕੋਈ ਮਜ਼ਬੂਤ ​​ਸਿੱਖ ਚਿਹਰਾ ਨਹੀਂ ਲੱਭ ਸਕੀ ਹੈ। ਅਜਿਹੇ 'ਚ ਕੈਪਟਨ ਹੀ ਅਜਿਹਾ ਸਿੱਖ ਚਿਹਰਾ ਹਨ ਜਿਸ 'ਤੇ ਭਾਜਪਾ ਭਰੋਸਾ ਕਰ ਸਕਦੀ ਹੈ। ਕੈਪਟਨ ਸੱਤਾ 'ਚ ਹੋਣ ਜਾਂ ਨਾ, ਉਹ ਦੋ ਦਹਾਕਿਆਂ ਤੋਂ ਪੰਜਾਬ 'ਚ ਕਾਂਗਰਸ ਦਾ ਮੁੱਖ ਧੂਰਾ ਰਹੇ ਹਨ।

ਸੂਤਰ ਦੱਸਦੇ ਹਨ ਕਿ ਅੱਜ ਵੀ ਕੈਪਟਨ ਕਈ ਕਾਂਗਰਸੀ ਆਗੂਆਂ ਨਾਲ ਜੁੜੇ ਹੋਏ ਹਨ। ਕੈਪਟਨ ਭਾਵੇਂ ਸਰਗਰਮ ਸਿਆਸਤ 'ਚ ਨਾ ਹੋਣ ਪਰ ਸਿਆਸੀ ਤੌਰ ’ਤੇ ਉਹ ਚਰਚਾ ਦਾ ਕੇਂਦਰ ਬਣੇ ਰਹਿੰਦੇ ਹਨ। 15 ਅਗਸਤ ਨੂੰ ਤਿਰੰਗੇ ਨੂੰ ਇਕੱਲੇ ਹੀ ਸਲਾਮੀ ਦੇਣ ਦੀ ਫੋਟੋ ਇੰਟਰਨੈੱਟ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।

Posted By: Seema Anand