ਸਟੇਟ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਨੂੰ ਵਿਧਾਨ ਸਭਾ 'ਚ ਪਾਸ ਨਹੀਂ ਹੋਣ ਦੇਣਗੇ।

ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਲੋਕਤੰਤਰੀ ਭਾਵਨਾ ਦੇ ਖ਼ਿਲਾਫ਼ ਹੈ। ਇਕ ਸਵਾਲ ਦੇ ਜਵਾਬ 'ਚ ਕੈਪਟਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਨਾਗਰਿਕਤਾ ਸੋਧ ਬਿੱਲ ਨੂੰ ਸੰਸਦ ਤੋਂ ਪਾਸ ਹੋਣ ਤੋਂ ਬਾਅਦ ਸਾਡੀ ਵਿਧਾਨ ਸਭਾ 'ਚ ਆਉਣ ਦਿਓ, ਉੱਥੇ ਸਾਡੇ ਕੋਲ ਦੋ-ਤਿਹਾਈ ਬਹੁਮਤ ਹੈ।

ਹੈਦਰਾਬਾਦ ਮੁਕਾਬਲੇ 'ਤੇ ਕੈਪਟਨ ਨੇ ਕਿਹਾ ਕਿ ਮੈਂ ਪੁਲਿਸ ਵੱਲੋਂ ਆਪਣੇ ਉੱਪਰ ਹੋਏ ਹਮਲੇ ਦੀ ਸੂਰਤ 'ਚ ਗੋਲ਼ੀ ਚਲਾਉਣ ਦੇ ਹੱਕ ਵਿਚ ਹਾਂ, ਪਰ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖ਼ਿਲਾਫ਼ ਹਾਂ। ਇਹ ਦੇਸ਼ ਦੀ ਸੰਵਿਧਾਨਕ ਭਾਵਨਾ ਦੇ ਉਲਟ ਹੈ। ਜੇਕਰ ਪੁਲਿਸ ਵਾਲਿਆਂ 'ਤੇ ਅਪਰਾਧੀ ਹਮਲਾ ਕਰਦੇ ਹਨ ਤਾਂ ਪੁਲਿਸ ਦੀ ਕਾਰਵਾਈ ਜਾਇਜ਼ ਹੁੰਦੀ ਹੈ।

ਉਨ੍ਹਾਂ ਸਾਫ਼ ਕੀਤਾ ਕਿ ਮੁਕਾਬਲੇ ਵਰਗੀ ਕੋਈ ਗੱਲ ਨਹੀਂ ਸੀ। ਪੰਜਾਬ ਦੀ ਪੁਲਿਸ ਨੂੰ ਅਜਿਹੇ ਮੁੱਦਿਆਂ ਦੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਤੇ ਉਹ ਅੱਤਵਾਦੀਆਂ, ਗੁੰਡਿਆਂ ਤੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਜਾਂ ਨਤੀਜੇ ਭੁਗਤਣ ਲਈ ਕਹਿੰਦੀ ਹੈ।

Posted By: Jagjit Singh