ਜੇਐੱਨਐੱਨ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਪਾਕਿਸਤਾਨੀ ਪੱਤਰਕਾਰ ਅਰੂਸਾ ਆਮਲ ਨੂੰ ਲੈ ਕੇ ਅਜੇ ਸਿਆਸਤ ਠੰਢੀ ਨਹੀਂ ਪਈ ਹੈ। ਕੈਪਟਨ ਵਿਰੋਧੀ ਨੇਤਾ ਉਨ੍ਹਾਂ ’ਤੇ ਅਰੂਸਾ ਦੇ ਬਹਾਨੇ ਨਿਸ਼ਾਨਾ ਸਾਧ ਰਹੇ ਹਨ ਤਾਂ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਵੀ ਇਸ ਨੂੰ ਲੈ ਕੇ ਕੈਪਟਨ ’ਤੇ ਨਿਸ਼ਾਨਾ ਸਾਧਿਆ। ਮੁਸਤਫ਼ਾ ਨੇ ਕੈਪਟਨ ਦੀ ਅਰੂਸਾ ਆਲਮ ਨਾਲ ਦੋਸਤੀ ’ਤੇ ਸਵਾਲ ਉਠਾਇਆ। ਕੈਪਟਨ ਨੇ ਇਸ ਦਾ ਜਵਾਬ ਦਿੱਤਾ। ਮੁਹੰਮਦ ਮੁਸਤਫ਼ਾ ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਹਨ।

ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਮੁਹੰਮਦ ਮੁਸਤਫ਼ਾ ਦੇ ਟਵੀਟ ਦਾ ਜਵਾਬ ਦਿੱਤਾ ਹੈ। ਇਸ ’ਚ ਉਨ੍ਹਾਂ ਨੇ ਮੁਸਤਫ਼ਾ ਦੀ ਪਤਨੀ ਤੇ ਨੂੰਹ ਦੀ ਅਰੂਸਾ ਆਲਮ ਨਾਲ ਖਿੱਚੀ ਗਈ ਤਸਵੀਰ ਪੋਸਟ ਕੀਤੀ। ਲਿਖਿਆ ਕਿ ਕੀ ਤੁਹਾਡੀ ਪਤਨੀ ਅਤੇ ਨੂੰਹ ਇਸ ਔਰਤ (ਅਰੂਸਾ ਆਲਮ) ਦੇ ਨਾਲ ਨਹੀਂ ਹਨ। ਤੁਸੀਂ ਕਿੰਨਾ ਘਟੀਆ ਸੋਚਦੇ ਹੋ। ਰਾਜਨੀਤੀ ਨੂੰ ਦੋਸਤੀ ਦੇ ਨਾਲ ਮਿਲਾਉਣਾ। ਨਿੱਜੀ ਤੌਰ ’ਤੇ ਤੁਹਾਡੇ ਪਰਿਵਾਰ ਦੀਆਂ ਯਾਦਾਂ ਵੀ ਅਰੂਸਾ ਆਲਮ ਦੇ ਨਾਲ ਜੁੜੀਆਂ ਹਨ।

ਇਸ ਤੋਂ ਪਹਿਲਾਂ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਅਰੂਸਾ ਆਲਮ ਦੀ ਸੋਨੀਆ ਗਾਂਧੀ ਨਾਲ ਕੀਤੀ ਫੋਟੋ ਵੀ ਟਵੀਟ ਕੀਤੀ ਸੀ। ਇਸ ’ਚ ਉਨ੍ਹਾਂ ਨੇ ਸਿਰਫ਼ ਇਹੀ ਲਿਖਿਆ, ਉਂਜ ਹੀ। (ਫਾਈਲ ਫੋਟੋ)। ਇਸ ਫੋਟੋ ਨੂੰ ਉਨ੍ਹਾਂ ਨੇ ਟਵਿੱਟਰ ’ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ ਤੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਟੈਗ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਤੋਂ ਬਾਅਦ ਅਰੂਸਾ ਆਲਮ ਆਈਐੱਸਆਈ ਨਾਲ ਜੁੜੀ ਹੈ ਅਤੇ ਕੈਪਟਨ ਦੀ ਨਜ਼ਦੀਕੀ ਹੈ, ਤੋਂ ਬਾਅਦ ਪੰਜਾਬ ’ਚ ਸਿਆਸਤ ਗਰਮਾ ਗਈ। ਕਦੇ ਕੈਪਟਨ ਦੇ ਨਜ਼ਦੀਕੀ ਰਹੇ ਨੇਤਾ ਵੀ ਉਨ੍ਹਾਂ ’ਤੇ ਨਿਸ਼ਾਨਾ ਸਾਧਨ ਲੱਗੇ। ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਨੂੰ ਨਿਸ਼ਾਨਾ ਬਣਾਇਆ। ਵੜਿੰਗ ਨੇ ਕਿਹਾ ਕਿ ਸਿੱਧੂ ਦਾ ਪਾਕਿਸਤਾਨ ਜਾਣਾ ਨੈਸ਼ਨਲ ਸਕਿਉਰਿਟੀ ਲਈ ਖ਼ਤਰਾ ਹੈ ਤਾਂ ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦਾ ਕੈਪਟਨ ਦੇ ਘਰ ਰਹਿਣਾ ਕੀ ਨੈਸ਼ਨਲ ਸਕਿਉਰਿਟੀ ਲਈ ਖ਼ਤਰਨਾਕ ਨਹੀਂ ਹੈ?

ਉੱਥੇ, ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਚੁਟਕੀ ਲਈ। ਕਿਹਾ ਕਿ ਕੈਪਟਨ ਨੂੰ ਬਾਕੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਗੁਜ਼ਾਰਨੀ ਚਾਹੀਦੀ ਹੈ। ਕਿਹਾ ਕਿ ਕੈਪਟਨ ਦੇ ਮੰਤਰੀ ਮੰਡਲ ’ਚ ਅਰੂਸਾ ਆਲਮ ਦਾ ਦਖ਼ਲ ਸੀ। ਉਸ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ ਵੀ ਮੰਤਰੀ ਅਹੁਦਾ ਨਹੀਂ ਮਿਲਦਾ ਸੀ। ਇੱਥੋਂ ਤਕ ਕਿ ਐੱਸਐੱਚਓ, ਐੱਸਪੀ ਦੀ ਪੋਸਟਿੰਗ ਵੀ ਉਸ ਦੀ ਸਹਿਮਤੀ ਨਾਲ ਹੁੰਦੀ ਸੀ। ਕਿਹਾ ਕਿ ਕੈਪਟਨ ਰਾਜ ’ਚ ਉਹੀ ਅਣਐਲਾਨੀ ਡੀਜੀਪੀ ਸੀ।

Posted By: Jagjit Singh