ਜੇਐੱਨਐੱਨ, ਚੰਡੀਗੜ੍ਹ : ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗ ਨੂੰ ਅੱਜ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ ਰਿਪੋਰਟ ’ਚ ਸ਼ੀਸ਼ਾ ਵਿਖਾਇਆ ਹੈ ਤੇ ਕਿਹਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਪਾਸ ਬਜਟ ’ਚ ਤੈਅ ਰਾਸ਼ੀ ਨੂੰ ਇਕ ਵਾਰ ਵੀ ਪੂਰਾ ਖਰਚ ਨਹੀਂ ਕੀਤਾ ਗਿਆ ਹੈ। ਹਰ ਸਾਲ ਲਗਪਗ 10 ਹਜ਼ਾਰ ਕਰੋੜ ਰੁਪਏ ਘੱਟ ਖਰਚੇ ਜਾ ਰਹੇ ਹਨ।

ਕੈਗ ਨੇ ਸਾਲ 2019 ਦੇ ਖਤਮ ਹੋਏ ਵਿੱਤੀ ਸਾਲ ਤਕ ਜੋ ਰਿਪੋਰਟ ਪੇਸ਼ ਕੀਤੀ ਹੈ ਉਸ ’ਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ, ਕਈ ਥਾੲੀਂ ਕੰਮਾਂ ’ਚ ਢਿੱਲ ਕਾਰਨ ਕਰੋੜਾਂ ਦੇ ਨੁਕਸਾਨ ਦਾ ਵੀ ਜ਼ਿਕਰ ਕੀਤਾ ਗਿਾ ਹੈ। ਇਸ ਤੋਂ ਇਲਾਵਾ ਸੂਬੇ ’ਤੇ ਵੱਧਦੇ ਕਰਜ਼ ਦੇ ਭਾਰ ’ਤੇ ਵੀ ਚਿੰਤਾ ਜਾਹਰ ਕੀਤੀ ਗਈ ਹੈ, ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਈ ਵਿਭਾਗਾਂ ’ਚ ਤੈਅ ਫੰਡਾਂ ਨੂੰ ਖਰਚ ਨਾ ਕਰ ਕੇ ਫੰਡ ਨੂੰ ਡਾਈਵਰਟ ਕਰ ਦਿੱਤਾ ਗਿਆ ਹੈ।

ਕੈਗ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2016-17 ’ਚ 86386 ਕਰੋੜ ਦਾ ਬਜਟ ਅੰਦਾਜ਼ਾ ਲਗਾਇਆ ਗਿਆ ਪਰ ਬਾਅਦ ’ਚ ਇਸ ਸੋਧ ਕੇ 1.44 ਲੱਖ ਕਰੋੜ ਦਾ ਕਰ ਦਿੱਤਾ ਗਿਆ। ਪਰ ਸਰਕਾਰ ਨੇ 1.33 ਲੱਖ ਕਰੋੜ ਹੀ ਖਰਚ ਕੀਤੇ। ਇਸੇ ਤਰ੍ਹਾਂ ਸਾਲ 2017-18 ’ਚ 1.18 ਲੱਖ ਕਰੋੜ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ ਹੈ ਤੇ ਸੋਧ ਬਜਟ ’ਚ 1.12 ਲੱਖ ਕਰੋੜ ਦਾ ਕਰ ਦਿੱਤਾ ਪਰ ਸਰਕਾਰ ਨੇ ਖਰਚ ਕੀਤਾ ਇਕ ਲੱਖ ਕਰੋੜ। 2018-19 ’ਚ 1.29 ਲੱਖ ਕਰੋੜ ਦਾ ਬਜਟ ਬਣੇ ਕੇ ਇਸ ਨੂੰ ਸੋਧ ਕਰ ਕੇ 1.27 ਕਰ ਦਿੱਤਾ ਪਰ ਸਰਕਾਰ ਸਿਰਫ 1.16 ਲੱਖ ਕਰੋੜ ਹੀ ਖਰਚ ਕਰ ਸਕੀ।

ਕੈਗ ਨੇ ਸਿੰਚਾਈ ਵਿਭਾਗ ਦੇ ਪ੍ਰਾਜੈਕਟਾਂ ਦਾ ਵੀ ਅਧਿਐਨ ਕੀਤਾ ਹੈ ਜਿਨਾਂ ’ਤੇ ਪਿਛਲੇ ਦੱਸ ਸਾਲ ਤੋਂ ਕੰਮ ਚੱਲ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਤੈਅ ਸਮੇਂ ’ਚ ਪੂਰਾ ਨਾ ਕਰਨ ਕਾਰਨ ਵਿਭਾਗ ਨੇ 390 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕੈਗ ਨੇ ਖੁਲਾਸਾ ਕੀਤਾ ਕਿ ਮਜ਼ਦੂਰ ਕਲਿਆਣ ਸੈੱਸ ਦਾ 1078 ਕਰੋੜ ਵੀ ਸਰਕਾਰ ਖਰਚ ਨਹੀਂ ਕਰ ਸਕੀ।

Posted By: Jagjit Singh