ਕੈਲਾਸ਼ ਨਾਥ, ਚੰਡੀਗਡ਼੍ਹ : ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਦੌਰਾਨ ਕੇਬਲ ਅਪਰੇਟਰਾਂ ਨੇ ਪਾਵਰਕਾਮ ਨੂੰ 7.21 ਕਰੋਡ਼ ਰੁਪਏ ਦਾ ਘਾਟਾ ਪਾਇਆ ਸੀ। ਇਹ ਖ਼ੁਲਾਸਾ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਇਕ ਕੰਪਨੀ ਨੇ ਬਿਜਲੀ ਦੇ ਕੰਮ ਲਈ ਬਿਜਲੀ ਦੇ ਖੰਭੇ ਕਿਰਾਏ ’ਤੇ ਲਏ ਸਨ। ਕੰਪਨੀ ਨੇ 1,21,125 ਖੰਭਿਆਂ ਨਾਲ 150 ਰੁਪਏ ਪ੍ਰਤੀ ਥੰਮ੍ਹ ਪ੍ਰਤੀ ਵਰ੍ਹਾ ਦੇ ਹਿਸਾਬ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਪਿੱਛੋਂ ਕੰਪਨੀ ਨੇ 2,74,098 ਖੰਭਿਆਂ ਦੀ ਵਰਤੋਂ ਕੀਤੀ। ਕੈਗ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਪਰ ਸਤੰਬਰ 2021 ਤਕ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਾਰਨ ਪਾਵਰਕਾਮ ਨੂੰ 7.21 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ।

ਕੇਬਲ ਮਾਫ਼ੀਆ ਪਿਛਲੇ 5 ਸਾਲਾਂ ਤੋਂ ਪੰਜਾਬ ਦਾ ਸਿਆਸੀ ਮੁੱਦਾ ਬਣਿਆ ਹੋਇਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਰਹੇ ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਹੀ ਨਹੀਂ ਸਗੋਂ ਆਪਣੀ ਸਰਕਾਰ ਨੂੰ ‘ਮਾਫੀਆ ਦੇ ਮੁੱਦੇ’ ’ਤੇ ਘੇਰਿਆ ਸੀ। ਵਿਰੋਧੀ ਧਿਰ ਵਿਚ ਰਹਿੰਦਿਆਂ ਆਮ ਆਦਮੀ ਪਾਰਟੀ ਨੇ ਵੀ ਇਹ ਮੁੱਦਾ ਉਠਾਉਂਦੀ ਸੀ। ਬੁੱਧਵਾਰ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਕੈਗ ਦੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਕਿ ਕੇਬਲ ਅਪਰੇਟਰਾਂ ਨੇ ਸਰਕਾਰੀ ਵਸੀਲਿਆਂ ਦੀ ਦੁਰਵਰਤੋਂ ਕੀਤੀ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਪਾਵਰਕਾਮ ਨਾਲ ਦਸੰਬਰ 2016 ਵਿਚ 1.21 ਲੱਖ ਖੰਭਿਆਂ ਲਈ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਜੇ ਕੰਪਨੀ ਤੈਅ ਖੰਭਿਆਂ ਤੋਂ 5 ਫੀਸਦੀ ਜ਼ਿਆਦਾ ਖੰਭਿਆਂ ਦੀ ਵਰਤੋਂ ਕਰਦੀ ਹੈ ਤਾਂ ਉਸ ਕੋਲੋਂ ਸਾਲਾਨਾ ਕਿਰਾਏ ਤੋਂ ਇਲਾਵਾ ਦੁੱਗਣਾ ਜੁਰਮਾਨਾ ਵਸੂਲਿਆ ਜਾਣਾ ਸੀ। ਕੰਪਨੀ ਨੇ ਖੰਭਿਆਂ ਨੂੰ ਪ੍ਰਮਾਣਤ ਕਰਨ ਲਈ 7 ਮਹੀਨੇ ਦਾ ਵਕਤ ਲਿਆ। ਕੰਪਨੀ ਨੇ ਬਾਅਦ ਵਿਚ 1.21 ਲੱਖ ਖੰਭਿਆਂ ਦੀ ਬਜਾਏ 2.74 ਲੱਖ ਖੰਭਿਆਂ ਦੀ ਵਰਤੋਂ ਕੀਤੀ। ਪਾਵਰਕਾਮ ਨੇ ਕੰਪਨੀ ਤੋਂ 2.68 ਕਰੋਡ਼ ਰੁਪਏ ਦਾ ਬਣਦਾ ਜੁਰਮਾਨਾ ਵਸੂਲਣਾ ਸੀ ਪਰ ਸਰਕਾਰ ਨੇ ਨੋਟਿਸ ਭੇਜ ਕੇ ਦੋ ਸਾਲ ਦਾ ਵਕਤ ਲੈ ਲਿਆ। ਮਈ 2019 ਵਿਚ ਕੰਪਨੀ ਨੂੰ ਨੋਟਿਸ ਭੇਜਿਆ ਸੀ। ਇਸ ਕਾਰਨ ਕੰਪਨੀ ਤੋਂ ਨਾ ਤਾਂ 6.12 ਕਰੋਡ਼ ਰੁਪਏ ਦੀ ਰਿਕਵਰੀ ਹੋਈ ਤੇ ਨਾ ਕੋਸ਼ਿਸ਼ ਕੀਤੀ ਗਈ। ਇਸ ਕਾਰਨ 109 ਕਰੋਡ਼ ਰੁਪਏ ਦੇ ਵਿਆਜ ਦਾ ਨੁਕਸਾਨ ਹੋਇਆ ਹੈ।

ਕੈਗ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਸਬੰਧੀ ਅਪ੍ਰੈਲ 2021 ਵਿਚ ਆਡੀਟਰ ਜਨਰਲ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਜਦਕਿ ਸਤੰਬਰ 2021 ਤਕ ਪੰਜਾਬ ਸਰਕਾਰ ਨੇ ਜਵਾਬ ਨਹੀਂ ਦਿੱਤਾ ਸੀ। ਕੈਗ ਨੇ ਪਾਵਰਕਾਮ ਵੱਲੋਂ ਦੋ ਸਾਲਾਂ ਬਾਅਦ ਭੇਜੇ ਨੋਟਿਸ ਦਾ ਹਵਾਲਾ ਦਿੱਤਾ ਹੈ। ਸਪੱਸ਼ਟ ਹੁੰਦਾ ਹੈ ਕਿ ਪਾਵਰਕਾਮ ਨੇ ਨੋਟਿਸ ਭੇਜਣ ਤੋਂ ਟਾਲਾ ਵੱਟਿਆ ਹੈ। ਦੱਸ ਦੇਈਏ ਕਿ 2012 ਤੋਂ 2017 ਤਕ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਅਤੇ 2017 ਤੋਂ 2022 ਤਕ ਕਾਂਗਰਸ ਪਾਰਟੀ ਨੇ ਰਾਜ ਕੀਤਾ ਸੀ।

Posted By: Tejinder Thind