* ਥਾਣੇ 'ਚ ਖੁੱਲ੍ਹੀ ਸਵਾਰੀਆਂ ਦੀ ਨੀਂਦ

* 55000 ਦਾ ਜ਼ੁਰਮਾਨਾ ਭਰ ਕੇ ਛੁੱਟਿਆ ਡਰਾਈਵਰ

* ਡੀਟੀਓ ਨੇ ਲਾਇਆ ਤੜਕੇ-ਤੜਕੇ ਨਾਕਾ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਦਿੱਲੀ-ਸ਼ਿਮਲਾ ਦੀਆਂ ਸਵਾਰੀਆਂ ਨੂੰ ਟੂਰਿਸਟ ਬੱਸ ਦੇ ਡਰਾਈਵਰ ਦੀ ਗਲਤੀ ਕਾਰਨ ਕਈ ਘੰਟੇ ਉਦੋਂ ਖੱਜਲ-ਖੁਆਰ ਹੋਣਾ ਪਿਆ ਜਦੋਂ ਮਨਾਲੀ ਤੋਂ ਦਿੱਲੀ ਜਾ ਰਹੀ ਬਿਨਾਂ ਪਰਮਿਟ ਦੀ ਟੂਰਿਸਟ ਬੱਸ ਨੂੰ ਡੀਟੀਓ ਨੇ ਜ਼ਬਤ ਕਰਕੇ ਥਾਣੇ ਬੰਦ ਕਰ ਦਿੱਤਾ। ਇਸ ਮਾਮਲੇ ਵਿਚ ਬੱਸ ਦਾ ਡਰਾਈਵਰ ਨੂੰ ਮੌਕੇ 'ਤੇ ਹੀ 55 ਹਜ਼ਾਰ ਦਾ ਜ਼ੁਰਮਾਨਾ ਭਰ ਕੇ ਬੱਸ ਨੂੰ ਛੁਡਾਉਣਾ ਪਿਆ।

ਦੱਸਣਯੋਗ ਹੈ ਕਿ ਡੀਟੀਓ ਸੁਖਵਿੰਦਰ ਸਿੰਘ ਨੇ ਸੋਮਵਾਰ ਨੂੰ ਤੜਕੇ 6 ਵਜੇ ਲਖਨੌਰ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਸਮੇਂ ਦਿੱਲੀ ਨੰਬਰ 'ਠੰਢੀ' ਬੱਸ ਨੂੰ ਰੋਕ ਜਦੋਂ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਗਿਆ ਤਾਂ ਡਰਾਈਵਰ ਕੋਲ ਪਰਮਿਟ ਨਾ ਨਿੱਕਲਿਆ। ਡੀਟੀਓ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਠੋਕ ਦਿੱਤਾ ਅਤੇ ਬੱਸ ਨੂੰ ਜ਼ਬਤ ਕਰ ਕੇ ਸਨਅਤੀ ਖੇਤਰ, ਫੇਜ਼ 8 ਦੇ ਥਾਣੇ ਵਿਚ ਬੰਦ ਕਰ ਦਿੱਤਾ। ਸਵੇਰ ਦਾ ਸਮਾਂ ਹੋਣ ਕਾਰਨ ਜ਼ਿਆਦਤਰ ਸਵਾਰੀਆਂ ਬੱਸ ਵਿਚ ਸੌਂ ਰਹੀਆਂ ਸਨ ਪਰ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਥਾਣੇ ਅੰਦਰ ਪਾਇਆ। ਕਰੀਬ ਢਾਈ ਘੰਟੇ ਤੱਕ ਸਵਾਰੀਆਂ ਥਾਣੇ ਬਾਹਰ ਖੱਜਣ-ਖੁਆਰ ਹੁੰਦੀਆਂ ਰਹੀਆਂ।

ਡਰਾਈਵਰ ਦੀ ਗਲਤੀ, ਸਜ਼ਾ ਪੰਜ ਸਾਲਾਂ ਦੇ ਬਾਲ ਨੂੰ

ਡਰਾਈਵਰ ਅਜੀਤ ਸਿੰਘ ਨਿਵਾਸੀ ਰਾਜਸਥਾਨ, ਜ਼ਿਲ੍ਹਾ ਅਲਵਰ ਜਦੋਂ ਬੱਸ ਛੁਡਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰ ਰਿਹਾ ਸੀ ਤਾਂ ਦੂਜੇ ਪਾਸੇ ਸਵਾਰੀਆਂ ਭੁੱਖ-ਪਿਆਸ ਕਾਰਨ ਤੜਫਣ ਲੱਗੀਆਂ। ਬਿਹਾਰ ਦੇ ਭਵੁਆ ਜ਼ਿਲ੍ਹੇ ਤੋਂ ਘੁੰਮਣ ਆਏ ਮੁਹੰਮਦ ਫਾਰੂਖ ਆਪਣੇ 5 ਸਾਲਾਂ ਦੇ ਬੱਚੇ ਲਈ ਪਾਣੀ ਲੈਣ ਬੱਸ ਤੋਂ ਥੱਲੇ ਉੱਤਰਿਆ ਤਾਂ ਜੋ ਸੜਕ ਪਾਰ ਕਰ ਕੇ ਦੂਜੇ ਪਾਸੇ ਜਾ ਸਕੇ। ਪਰੰਤੂ ਉਸ ਦਾ ਪੰਜ ਸਾਲਾਂ ਦਾ ਪੁੱਤਰ ਫਰਹਾਨ ਉਸ ਦੇ ਪਿੱਛੇ ਭੱਜਿਆ ਜੋ ਇਕ ਐਕਟਿਵਾ ਨਾਲ ਟਕਰਾ ਕੇ ਜ਼ਖਮੀ ਹੋ ਗਿਆ। ਉਸ ਦੇ ਮੱਥੇ 'ਤੇ ਸੱਟ ਵੱਜੀ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੇ ਸਿਰ 'ਚ ਚਾਰ ਟਾਂਕੇ ਲੱਗੇ।

ਟਿਕਟ 1500 ਰੁਪਏ ਪ੍ਰਤੀ ਸਵਾਰੀ

ਬੱਸ ਵਿਚ ਸਵਾਰ ਫਰੀਦਾਬਾਦ ਨਿਵਾਸੀ ਸੱਤਿਅਮ ਖਰਬੰਦਾ, ਅਜੇ ਸਰਮਟ, ਉਸਦੀ ਪਤਨੀ ਹਿਮਾਂਸ਼ੀ, ਵਿਜੇ, ਰੇਣੁਕਾ ਨੇ ਦੱਸਿਆ ਕਿ ਉਹਨਾਂ ਨੇ ਮਨਾਲੀ ਤੋਂ ਦਿੱਲੀ ਲਈ ਏਸੀ ਬੱਸ ਲਈ ਸੀ। ਡਰਾਈਵਰ ਅਜੀਤ ਨੇ ਹਰੇਕ ਬੰਦੇ ਤੋਂ 1500 ਰੁਪਏ ਦੇ ਹਿਸਾਬ ਨਾਲ ਪੈਸੇ ਲਏ ਪ੍ਰੰਤੂ ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਡਰਾਈਵਰ ਬਿਨਾ ਪਰਮਿਟ ਬੱਸ ਭਜਾਈ ਫਿਰਦਾ ਹੈ। ਉਹਨਾਂ ਕਿਹਾ ਕਿ ਡਰਾਈਵਰ ਦੀ ਗਲਤੀ ਕਾਰਨ ਉਹਨਾਂ ਢਾਈ-ਤਿੰਨ ਘੰਟੇ ਖੱਜਲ-ਖੁਆਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਲੱਖਾਂ ਰੁਪਏ ਦੀ ਕਮਾਈ ਕਰਨ ਵਾਲੇ ਟੂਰਿਸਟ ਬੱਸਾਂ ਦਾ ਮਾਲਕ ਬਿਨਾਂ ਪਰਮਿਟ ਤੋਂ ਹੀ ਬੱਸਾਂ ਚਲਾ ਰਹੇ ਹਨ। ਦੂਜੇ ਪਾਸੇ ਅਜੀਤ ਨੇ ਦੱਸਿਆ ਕਿ ਉਸ ਨੇ ਕੁੱਝ ਪੈਸਿਆਂ ਦਾ ਇੰਤਜ਼ਾਮ ਖ਼ੁਦ ਕੀਤਾ ਤੇ ਕੁਝ ਪੈਸੇ ਖਾਤੇ 'ਚ ਪਵਾ ਕੇ ਜ਼ੁਰਮਾਨਾ ਭਰਿਆ। ਇਸ ਮਗਰੋਂ ਹੀ ਬੱਸ ਛੁੱਟੀ।