* ਪੁਲਿਸ ਕਾਰਵਾਈ

* ਮੁਲਜ਼ਮਾਂ ਵੱਲੋਂ ਗਮਾਡਾ ਦੇ ਬਣਾਏ ਹੋਏ ਅਲਾਟਮੈਂਟ ਲੈਟਰ, ਅਧਿਕਾਰੀਆਂ ਦੀ ਸਟੈਂਪ ਤੇ ਹਸਤਾਖਰ ਹੋਏ ਕੁਝ ਦਸਤਾਵੇਜ਼ ਬਰਾਮਦ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਪਣੇ ਆਪ ਨੂੰ ਗਮਾਡਾ ਦੀ ਸੀਨੀਅਰ ਐਸਿਸਟੈਂਟ ਦੱਸ ਕੇ ਐੱਨਆਰਆਈ ਲੋਕਾਂ ਨੂੰ ਨੀਲਾਮੀ ਵਾਲੇ ਪਲਾਟ ਸਸਤੇ ਭਾਅ 'ਤੇ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਬੰਟੀ-ਬਬਲੀ ਨਾਂ ਨਾਲ ਮਸ਼ਹੂਰ ਜੋੜੀ ਨੂੰ ਮਟੌਰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਪਰਮਜੀਤ ਕੌਰ, ਹਰਵਿੰਦਰ ਸਿੰਘ ਵਾਸੀ ਬਖ਼ਸ਼ੀਵਾਲਾ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲੇ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਜਗਦੀਪ ਕੌਰ ਵਾਸੀ ਛੱਜੂ ਮਾਜਰਾ ਕਾਲੋਨੀ ਦੀ ਸ਼ਿਕਾਇਤ 'ਤੇ ਥਾਣਾ ਮਟੌਰ 'ਚ ਮਾਮਲਾ ਦਰਜ ਕਰ ਲਿਆ ਹੈ। ਦੋਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਗਮਾਡਾ ਦੇ ਬਣਾਏ ਹੋਏ ਅਲਾਟਮੈਂਟ ਲੈਟਰ, ਗਮਾਡਾ ਅਧਿਕਾਰੀਆਂ ਦੀ ਸਟੈਂਪ ਤੇ ਅਧਿਕਾਰੀਆਂ ਦੇ ਹਸਤਾਖਰ ਕੀਤੇ ਹੋਏ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਗਮਾਡਾ 'ਚ ਨੌਕਰੀ ਕੀਤੇ ਬਿਨਾਂ ਮਹਿਲਾ ਕੋਲ ਅਲਾਟਮੈਂਟ ਲੈਟਰ, ਸਟੈਂਪ, ਡਿਊਟੀ ਅਸ਼ਟਾਮ ਕਿੱਥੋਂ ਆਇਆ। ਪੁਲਿਸ ਇਸ ਜਾਂਚ 'ਚ ਲੱਗੀ ਹੈ ਕਿ ਕਿਤੇ ਕੋਈ ਗਮਾਡਾ ਦਾ ਕਰਮਚਾਰੀ ਇਸ ਠੱਗ ਜਾਲਸਾਜਾਂ ਦੇ ਨਾਲ ਤਾਂ ਨਹੀਂ ਮਿਲਿਆ ਹੋਇਆ। ਉਥੇ ਹੀ ਕੁਲ ਕਿੰਨੇ ਵਿਅਕਤੀ ਇਸ ਠੱਗੀ ਦਾ ਸ਼ਿਕਾਰ ਹੋਏ ਹਨ, ਇਸ ਦੀ ਜਾਂਚ ਕਰ ਰਹੀ ਹੈ।

ਜਗਦੀਪ ਕੌਰ ਨੇ ਦੱਸਿਆ ਕਿ ਉਹ ਛੱਜੂ ਮਾਜਰਾ 'ਚ ਗੁਰੂ ਨਾਨਕ ਪਬਿਲਕ ਸਕੂਲ ਚਲਾ ਰਹੀ ਹੈ। ਉਸ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਹ ਆਪਣੀ ਮਾਂ ਪਲਵਿੰਦਰ ਕੌਰ ਨਾਲ ਫੇਜ਼-7 'ਚ ਕੋਠੀ ਨੰਬਰ 2606 'ਚ ਕਿਰਾਏ 'ਤੇ ਰਹਿੰਦੀ ਸੀ। ਹਰਪਾਲ ਨਾਂ ਦੀ ਮਹਿਲਾ ਦਾ ਫੇਜ਼-11 'ਚ ਬੁਟੀਕ ਸੀ। ਜਗਦੀਪ ਦਾ ਹਰਪਾਲ ਕੌਰ ਦੇ ਬੁਟੀਕ 'ਤੇ ਕਾਫ਼ੀ ਆਉਣਾ-ਜਾਣਾ ਸੀ। ਉਥੇ ਹੀ ਉਸੇ ਬੁਟੀਕ 'ਤੇ ਪਰਮਜੀਤ ਕੌਰ ਵੀ ਆਉਂਦੀ ਸੀ। ਜਿੱਥੇ ਉਸ ਦੀ ਮੁਲਾਕਾਤ ਪਰਮਜੀਤ ਕੌਰ ਨਾਲ ਹੋਈ, ਜਿਸ ਨੇ ਦੱਸਿਆ ਕਿ ਉਹ ਗਮਾਡਾ ਦੇ ਪ੍ਰਰੀਯੋਰਮੈਂਟ ਡਿਪਾਰਟਮੈਂਟ 'ਚ ਸੀਨੀਅਰ ਅਸਿਸਟੈਂਟ ਲੱਗੀ ਹੋਈ ਤੇ ਕਿਹਾ ਕਿ ਉਹ ਮੋਹਾਲੀ ਦੇ ਕਈ ਟਰੈਵਲ ਏਜੰਟ ਨੂੰ ਜਾਣਦੀ ਹੈ ਜਿਨ੍ਹਾਂ ਦੇ ਜਰੀਏ ਉਹ ਕਈ ਲੋਕਾਂ ਨੂੰ ਵਿਦੇਸ਼ ਵਿਚ ਸੈੱਟ ਕਰਵਾ ਚੁੱਕੀ ਹੈ।

ਪਰਮਜੀਤ ਕੌਰ ਨੂੰ ਕੁਝ ਹੀ ਮੁਲਾਕਾਤਾਂ 'ਚ ਪਤਾ ਚੱਲ ਗਿਆ ਕਿ ਜਗਦੀਪ ਕੌਰ ਦੇ ਪਿਤਾ ਦੁਬਈ 'ਚ ਰਹਿੰਦੇ ਹਨ ਅਤੇ ਦੋਵੇਂ ਮਾਂ-ਧੀ ਫੇਜ਼-7 'ਚ ਕਿਰਾਏ ਦੇ ਮਕਾਨ 'ਤੇ ਰਹਿੰਦੀਆਂ ਹਨ। ਪਰਮਜੀਤ ਕੌਰ ਨੇ ਇਕ ਸਾਜ਼ਿਸ਼ ਬਣਾਇਆ। ਉਸ ਨੇ ਦੋਵੇਂ ਮਾਂ-ਧੀ ਨੂੰ ਦੱਸਿਆ ਕਿ ਗਮਾਡਾ ਕਈ ਤਰ੍ਹਾਂ ਦੇ ਪਲਾਟ ਕੱਢਦਾ ਹੈ ਪਰ ਕਈ ਵਾਰ ਅਜਿਹੇ ਪਲਾਟ ਜਿਨ੍ਹਾਂ ਦੇ ਅਲਾਟਮੈਂਟੀ ਕਿਸੇ ਕਾਰਨ ਪਲਾਟ ਦਾ ਕਬਜ਼ਾ ਨਹੀਂ ਲੈ ਸਕਦੇ ਜਾਂ ਕਿਸ਼ਤਾਂ ਨਹੀਂ ਭਰ ਸਕਦੇ। ਗਮਾਡਾ ਉਨ੍ਹਾਂ ਲਾਵਾਰਸ ਪਲਾਟਾਂ ਨੂੰ ਸਸਤੇ ਮੁੱਲ 'ਤੇ ਅੰਦਰ ਖਾਤੇ ਉਨ੍ਹਾਂ ਦੇ ਜ਼ਰੀਏ ਨਿਲਾਮ ਕਰਦੀ ਹੈ ਅਤੇ ਉਹ ਉਸੇ ਨੀਲਾਮੀ ਕਰਨ ਵਾਲੀ ਕਮੇਟੀ ਦੀ ਮੈਂਬਰ ਹੈ। ਉਸ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਕਈ ਲੋਕਾਂ ਨੂੰ ਪਲਾਟ ਦਿਵਾ ਚੁੱਕੀ ਹੈ, ਉਥੇ ਹੀ, ਉਸ ਨੂੰ ਵੀ ਸੈਕਟਰ-70 'ਚ ਦੋ ਪਲਾਟ ਦੁਆ ਦੇਵੇਗੀ ਤੇ ਨਾਲ ਹੀ ਉਸਦੇ ਪਿਤਾ ਨੂੰ ਦੁਬਈ ਤੋਂ ਸਿੱਧਾ ਕੈਨੇਡਾ ਦਾ ਵੀਜ਼ਾ ਵੀ ਦੁਆ ਦੇਵੇਗੀ।

ਮੁਲਜ਼ਮ ਪਰਮਜੀਤ ਕੌਰ ਨੇ ਜਗਦੀਪ ਦੇ ਪਿਤਾ ਬਲਵਿੰਦਰ ਸਿੰਘ ਨੂੰ ਕੈਨੇਡਾ ਤੇ ਉਸ ਦੇ ਮਾਮੇ ਦੇ ਲੜਕੇ ਜਸਪ੍ਰਰੀਤ ਸਿੰਘ ਨੂੰ ਦੁਬਈ ਭੇਜਣ ਦੇ ਨਾਂ 'ਤੇ ਡੇਢ ਲੱਖ ਰੁਪਏ ਲਏ। ਉਥੇ ਹੀ ਦੂਜੇ ਪਾਸੇ ਉਸ ਨੇ ਸੈਕਟਰ-70 'ਚ ਦੋ ਪਲਾਟ ਦਿਵਾਉਣ ਦਾ ਜੋ ਵਾਅਦਾ ਕੀਤਾ ਸੀ ਉਸ ਦੇ ਜਾਅਲੀ ਅਲਾਟਮੈਂਟ ਤੇ ਅਸ਼ਟਾਮ ਦਿਖਾ ਕੇ ਉਨ੍ਹਾਂ 'ਤੇ ਭਰੋਸਾ ਬਣਾ ਲਿਆ ਅਤੇ ਵੱਖ-ਵੱਖ ਕਿਸ਼ਤਾਂ 'ਚ ਕੁਲ 40 ਲੱਖ ਰੁਪਏ ਲੈ ਲਏ। ਜਦੋਂ ਪਲਾਟ ਦਾ ਕਬਜ਼ਾ ਦਿਵਾਉਣ ਦੀ ਗੱਲ ਕਹਿੰਦੇ ਤਾਂ ਪਰਮਜੀਤ ਕੌਰ ਕਹਿੰਦੀ ਕਿ ਪਲਾਟ ਮਾਲਕਾਂ ਦੀ ਕੁਝ ਫ਼ਾਰਮੇਲਟੀ ਬਾਕੀ ਹੈ ਜਿਸ ਦੇ ਪੂਰਾ ਹੁੰਦੇ ਹੀ ਉਹ ਉਹ ਨੂੰ ਪਲਾਟ ਦਾ ਕਬਜਾ ਦੇ ਦੇਵੇਗੀ। ਇਹੀ ਨਹੀਂ ਉਸ ਨੇ ਦੋਨਾਂ ਮਾਂ-ਧੀ ਨੂੰ ਸੈਕਟਰ-70 'ਚ ਇਕ ਪਲਾਟ ਦੇ ਬਾਹਰ ਖੜ੍ਹਾ ਕਰਵਾ ਉਨ੍ਹਾਂ ਦੀ ਫੋਟੋ ਤੇ ਪਿਤਾ ਦਾ 500 ਰੁਪਏ ਦਾ ਹਸਤਾਖਰ ਕੀਤਾ ਅਸ਼ਟਾਮ ਪੇਪਰ ਵੀ ਆਪਣੇ ਕੋਲ ਰੱਖ ਲਿਆ। ਪੁਲਿਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਪਰਮਜੀਤ ਕੌਰ ਇਸੇ ਤਰ੍ਹਾਂ ਲੋਕਾਂ ਦੀਆਂ ਕੋਠੀਆਂ-ਸ਼ੋਅਰੂਮ ਦੇ ਬਾਹਰ ਫੋਟੋ ਖਿਚਵਾ ਕੇ ਐੱਨਆਰਆਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਸੀ।

ਇਸੇ ਤਰ੍ਹਾਂ ਮੁਲਜ਼ਮ ਪਰਮਜੀਤ ਕੌਰ ਨੇ ਫੇਜ਼-11 ਵਾਸੀ ਬਲਵਿੰਦਰ ਸਿੰਘ ਮੁਲਤਾਨੀ ਤੇ ਉਸਦੀ ਪਤਨੀ ਭੁਪਿੰਦਰ ਕੌਰ ਮੁਲਤਾਨੀ, ਜੋ ਕਿ ਇਸ ਸਮੇਂ ਵਿਦੇਸ਼ 'ਚ ਸੈਟਲ ਹਨ, ਨੂੰ ਵੀ ਪਲਾਟ ਦੇਣ ਦੇ ਨਾਂ 'ਤੇ 1 ਕਰੋੜ 70 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਦੀ ਸ਼ਿਕਾਇਤ ਈਓਵਿੰਗ ਵਿਚ ਪੈਂਡਿੰਗ ਹੈ। ਪਰਮਜੀਤ ਕੌਰ ਦੇ ਟਾਲ-ਮਟੌਲ ਕਰਨ 'ਤੇ ਜਗਦੀਪ ਕੌਰ ਤੇ ਉਸਦੇ ਦੁਬਈ ਤੋਂ ਆਏ ਪਿਤਾ ਨੇ ਜਦੋਂ ਇੰਨਕੁਆਰੀ ਕਰੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਰਮਜੀਤ ਕੌਰ ਤਾਂ ਗਮਾਡਾ 'ਚ ਕੰਮ ਹੀ ਨਹੀਂ ਕਰਦੀ, ਬਲਕਿ ਇਸ ਦੌਰਾਨ ਉਨ੍ਹਾਂ ਮੁਲਤਾਨੀ ਪਰਿਵਾਰ ਨਾਲ ਹੋਈ ਕਰੋੜਾਂ ਦੀ ਠੱਗੀ ਦਾ ਪਤਾ ਵੀ ਚੱਲ ਗਿਆ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਮਟੌਰ ਥਾਣਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਨਾਂ ਪਤੀ-ਪਤਨੀ ਨੂੰ 3/5 ਦੀਆਂ ਲਾਈਟਾਂ ਤੋਂ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ 'ਚ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਦੋਵਾਂ ਨੇ ਹੋਰ ਕਿੰਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ।