ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੂਰੇ ਪੰਜਾਬ 'ਚ 4 ਅਗਸਤ ਨੂੰ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਜ਼ਿਆਦਾ ਮੌਤਾਂ ਹੋਣ ਦੇ ਰੋਸ ਵਜੋਂ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਸਟੇਜਾਂ ਤੋਂ ਚਾਰ ਹਫ਼ਤਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੁਟਕਾ ਸਾਹਿਬ - ਗੁਰਬਾਣੀ - ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਰੋਸ ਵਜੋਂ 117 ਵਿਧਾਨ ਸਭਾ ਹਲਕਾ ਪੱਧਰੀ ਸਰਕਾਰ ਦੀ ਅਰਥੀ ਯਾਤਰਾ ਕੱਢ ਕੇ ਰੋਸ ਪ੍ਰਦਰਸ਼ਨ ਤੋਂ ਬਾਅਦ ਰਾਜਪਾਲ ਦੇ ਨਾਂ ਸਥਾਨਕ ਪ੍ਰਸ਼ਾਸਨ ਨੂੰ ਮੈਮੋਰੰਡਮ ਦੇਵੇਗੀ।

ਕੈਪਟਨ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ 100 ਤੋਂ ਵੱਧ ਮੌਤਾਂ ਲਈ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਆਬਕਾਰੀ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ। ਇਸ ਲਈ ਇਸ ਅਣਗਹਿਲੀ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਖ਼ੁਦ ਜ਼ਿੰਮੇਵਾਰ ਹਨ ਤੇ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਪੰਜਾਬ ਦੀ ਜਨਤਾ ਕੋਲੋ ਮਾਫ਼ੀ ਮੰਗਦੇ ਹੋਏ ਜਲਦ ਤੋਂ ਜਲਦ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਪੰਜਾਬ ਕਾਂਗਰਸ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਅਸਫ਼ਲਤਾ, ਵਿਦਿਆਰਥੀਆਂ ਦੇ ਕਾਲਜਾਂ ਯੂਨੀਵਰਸਿਟੀਆਂ ਵਲੋਂ ਰੋਕੇ ਡਿਗਰੀ ਸਰਟੀਫਿਕੇਟਾਂ ਲਈ ਜ਼ਿੰਮੇਵਾਰ, ਘਰ-ਘਰ ਨੌਕਰੀ ਨਾ ਦੇਣ ਲਈ, ਮੁਲਾਜ਼ਮਾਂ ਦੇ 16 ਮਹੀਨੇ ਦੇ ਬਕਾਏ ਡੀਏ, ਨਵੇਂ ਮੁਲਾਜ਼ਮਾਂ ਲਈ ਤਨਖ਼ਾਹਾਂ ਕੇਂਦਰ ਨਾਲ ਜੋੜਨੀਆਂ, ਅਨੁਸੂਚਿਤ ਜਾਤੀਆਂ ਲਈ ਲਟਕਦਾ ਤੀਜਾ ਹਿੱਸਾ, ਜ਼ਮੀਨ ਮਾਮਲਾ, ਸਿੱਖ ਦਲਿਤ ਨੌਜਵਾਨਾਂ ਦੀ ਯੂਏਪੀਏ ਤਹਿਤ ਸਾਜ਼ਿਸ਼ ਨਾਲ ਗ੍ਰਿਫਤਾਰੀਆਂ, ਗਰੀਬਾਂ ਦੇ ਕੱਟੇ ਨੀਲੇ ਕਾਰਡ, ਪੰਜ-ਪੰਜ ਮਰਲੇ ਦੇ ਗ਼ਰੀਬਾਂ ਨੂੰ ਪਲਾਟ ਦੇਣ ਵਿਚ ਸਰਕਾਰ ਫੇਲ੍ਹ, ਕੋਰੋਨਾ ਦੌਰਾਨ ਰਾਸ਼ਨ ਵੰਡ ਦਾ ਘਪਲਾ, ਜਾਤੀ ਮਾਨਸਿਕਤਾ ਤਹਿਤ 85ਵੀ ਸੋਧ ਨੂੰ ਲਾਗੂ ਨਾ ਕਰਨਾ, ਦਲਿਤ ਤੇ ਪੱਛੜੇ ਵਰਗਾਂ ਦੀ ਅਫ਼ਸਰਸਾਹੀ ਨੂੰ ਖੁੱਡੇ ਲਗਾਉਣ ਆਦਿ ਵਰਗੇ ਬੇਸੁਮਾਰ ਮੁੱਦੇ ਹਨ ਜਿਨ੍ਹਾਂ ਉੱਪਰ ਕਾਂਗਰਸ ਸਰਕਾਰ ਫੇਲ੍ਹ ਹੋ ਚੁੱਕੀ ਹੈ।

ਪੂਰੇ ਪੰਜਾਬ ਦੇ ਬਸਪਾ ਵਰਕਰਾਂ ਨੂੰ ਉਨ੍ਹਾਂ ਕੱਲ੍ਹ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਕਾਮਯਾਬ ਕਰਨ ਲਈ ਆਪੋ-ਆਪਣੇ ਹਲਕੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

Posted By: Seema Anand