ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਪੋਸਟ ਬੇਸਿਕ ਬੀਐੱਸਸੀ ਨਰਸਿੰਗ ਭਾਗ ਦੂਜੇ ਦੇ ਵਿਦਿਆਰਥੀਆਂ ਦੇ ਨਤੀਜੇ ਦਾ ਐਲਾਨ 11 ਅਕਤੂਬਰ ਨੂੰ ਕੀਤਾ ਗਿਆ। ਇਸ ਨਤੀਜੇ 'ਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਦੀ ਮਿਸ ਦਿਲਜੋਤ ਕੌਰ ਨੇ 1900 'ਚੋਂ 1504 ਅੰਕ ਪ੍ਰਾਪਤ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਨੇ ਦਿਲਜੋਤ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਦਿਲਜੋਤ ਕੌਰ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸਭ ਕਾਮਯਾਬੀ ਕਾਲਜ ਦੀ ਮੈਨੇਜਮੈਂਟ ਦੇ ਸਹਿਯੋਗ, ਅਧਿਆਪਕਾਂ ਦੀ ਮਿਹਨਤ ਅਤੇ ਮਾਤਾ-ਪਿਤਾ ਦੇ ਆਸ਼ੀਰਵਾਦ ਤੋਂ ਬਿਨਾਂ ਸੰਭਵ ਨਹੀਂ ਸੀ। ਕਾਲਜ ਦੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਦਿਲਜੋਤ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਕਲਾਸ ਦੇ 28 ਬੱਚਿਆਂ ਨੂੰ ਪਹਿਲੀ ਡਵੀਜ਼ਨ ਪ੍ਰਾਪਤ ਹੋਈ ਅਤੇ 7 ਬੱਚਿਆਂ ਨੇ 16 ਵਿਸ਼ਿਆਂ 'ਚੋਂ ਡਿਸਟਿੰਕਸ਼ਨ ਹਾਸਲ ਕੀਤੀ। ਇਸੇ ਕਲਾਸ ਦੀ ਹੀ ਮਿਸ ਨਿਸ਼ਾ ਕੁਮਾਰੀ ਨੇ 1900 'ਚੋਂ 1473 ਅੰਕ ਪ੍ਰਾਪਤ ਕੀਤੇ। ਕਾਲਜ ਦੇ ਐਡਮਿਨ ਡਾਇਰੈਕਟਰ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ।