ਜੇਐੱਸ ਕਲੇਰ, ਜ਼ੀਰਕਪੁਰ : ਸਥਾਨਕ ਬਲਟਾਣਾ ਖੇਤਰ 'ਚ ਸਥਿਤ ਏਕਤਾ ਵਿਹਾਰ ਕਾਲੋਨੀ 'ਚ ਅੱਜ ਸ਼ਾਮ ਕਰੀਬ ਪੰਜ ਵਜੇ ਇਕ ਕਰੀਬ 35 ਸਾਲਾ ਪ੍ਰਵਾਸੀ ਅੌਰਤ ਦਾ ਕਤਲ ਹੋ ਗਿਆ। ਮਿ੍ਤਕਾ ਦੇ ਪਤੀ ਅਤੇ ਸੱਸ ਵਲੋਂ ਅੌਰਤ ਦੇ ਕਤਲ ਲਈ ਉਨ੍ਹਾਂ ਦੇ ਗੁਆਂਢੀ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਜੋ ਘਟਨਾ ਦੇ ਸਮੇ ਤੋਂ ਹੀ ਪਰਿਵਾਰ ਸਮੇਤ ਫ਼ਰਾਰ ਦੱਸਿਆ ਜਾ ਰਿਹਾ ਹੈ। ਿਫ਼ਲਹਾਲ ਪੁਲਿਸ ਮੌਕੇ 'ਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਮੌਕੇ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਬਲਟਾਣਾ ਦੀ ਏਕਤਾ ਵਿਹਾਰ ਕਾਲੋਨੀ ਵਿਹਾਰ ਕਾਲੋਨੀ ਦੇ ਮਕਾਨ ਨੰਬਰ 1-ਏ ਦੀ ਪਹਿਲੀ ਮੰਜ਼ਿਲ 'ਤੇ ਬਹਾਦੁਰ ਆਪਣੀ ਪਤਨੀ ਗਾਇਤਰੀ ਅਤੇ ਮਾਤਾ ਰਾਜੇਸ਼ਵਰੀ ਨਾਲ ਕਿਰਾਏ 'ਤੇ ਰਹਿੰਦਾ ਹੈ ਅਤੇ ਬਲਟਾਣਾ 'ਚ ਹੀ ਫਰਨੀਚਰ ਮਾਰਕੀਟ 'ਚ ਮਹਾਜਨ ਫਰਨੀਚਰ 'ਤੇ ਕੰਮ ਕਰਦਾ ਹੈ।

ਮਿ੍ਤਕਾ ਦੀ ਸੱਸ ਰਾਜੇਸ਼ਵਰੀ ਦੇਵੀ ਨੇ ਦੱਸਿਆ ਕਿ ਉਹ ਅੱਜ ਕਰੀਬ ਸਾਢੇ ਚਾਰ ਵਜੇ ਆਪਣੇ ਘਰ 'ਚ ਅਪਣੀ ਨੂੰਹ ਗਾਇਤਰੀ ਨੂੰ ਸਹੀ ਸਲਾਮਤ ਛੱਡ ਕੇ ਅਪਣੇ ਕੰਮ 'ਤੇ ਗਈ ਸੀ। ਇਸ ਦੌਰਾਨ ਉਸ ਦੇ ਲੜਕੇ ਬਹਾਦੁਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਗਾਇਤਰੀ ਬਹੁਤ ਦੇਰ ਤੋਂ ਫੋਨ ਨਹੀ ਚੁੱਕ ਰਹੀ ਹੈ। ਜਦੋਂ ਉਨ੍ਹਾਂ ਨੇ ਅਪਣੇ ਘਰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਕਮਰੇ ਨੂੰ ਬਾਹਰ ਤੋਂ ਤਾਲਾ ਲੱਗਿਆ ਹੋਇਆ ਸੀ। ਜਦ ਉਨ੍ਹਾਂ ਨੇ ਆਪਣੇ ਕਮਰੇ ਦਾ ਤਾਲਾ ਤੋੜਿਆਂ ਤਾਂ ਅੰਦਰ ਗਾਇਤਰੀ ਦੀ ਲਾਸ਼ ਪਈ ਸੀ ਅਤੇ ਕਿਸੇ ਨੇ ਉਸ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਸੀ।

ਮਾਮਲੇ ਦੀ ਸੂਚਨਾ ਮਿਲਣ 'ਤੇ ਜ਼ੀਰਕਪੁਰ ਦੇ ਡੀਐੱਸਪੀ ਵਿਕਰਮਜੀਤ ਸਿੰਘ ਬਰਾੜ, ਐੱਸਐੱਚਓ ਦੀਪਇੰਦਰ ਸਿੰਘ ਬਰਾੜ ਅਤੇ ਬਲਟਾਣਾ ਚੌਂਕੀ ਇੰਚਾਰਜ ਮਨਦੀਪ ਸਿੰਘ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

ਇਸ ਦੌਰਾਨ ਮਿ੍ਤਕਾ ਦੇ ਪਤੀ ਬਹਾਦੁਰ ਨੇ ਪੁਲਿਸ ਕੋਲ ਸ਼ੱਕ ਜਾਹਿਰ ਕੀਤਾ ਕਿ ਉਸ ਦੇ ਕਮਰੇ ਦੇ ਨਾਲ ਹੀ ਕਿਰਾਏ 'ਤੇ ਰਹਿੰਦੇ ਪਵਨ ਵਲੋਂ ਹੀ ਉਸ ਦੀ ਪਤਨੀ ਦਾ ਕਤਲ ਕੀਤਾ ਹੋ ਸਕਦਾ ਹੈ। ਪਤਾ ਲਗਿਆ ਹੈ ਕਿ ਪਵਨ ਘਟਨਾ ਤੋਂ ਕਰੀਬ ਪੰਦਰਾਂ ਮਿੰਟ ਬਾਅਦ ਹੀ ਆਪਣੀ ਪਤਨੀ ਸਲੋਨੀ ਅਤੇ ਕਰੀਬ ਚਾਰ ਮਹੀਨੇ ਦੀ ਬੱਚੀ ਨਾਲ ਫ਼ਰਾਰ ਹੋ ਗਿਆ ਹੈ ਅਤੇ ਉਸ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਿਫ਼ਲਹਾਲ ਪੁਲਿਸ ਨੇ ਪਵਨ ਦੀ ਭਾਲ 'ਚ ਵੱਖ ਵੱਖ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਡੀਐੱਸਪੀ ਵਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਫੋਰੈਂਸੀਅਕ ਟੀਮ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ ਪਰ ਜਲਦੀ ਹੀ ਉਨ੍ਹਾਂ ਵੱਲੋਂ ਕਾਤਿਲ ਨੂੰ ਕਾਬੂ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।

------------

ਕੈਪਸ਼ਨ: ਮੌਕੇ 'ਤੇ ਪੜਤਾਲ ਕਰਦੇ ਹੋਏ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਐੱਸਐੱਚਓ ਜ਼ੀਰਕਪੁਰ ਦੀਪਇੰਦਰ ਸਿੰਘ ਬਰਾੜ।