ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇਥੋਂ ਦੇ ਵਾਰਡ ਨੰਬਰ-18 ਵਿਖੇ ਪਾਣੀ ਵਾਲੀ ਟੈਂਕੀ ਕੋਲ ਬਣੇ ਸਰਕਾਰੀ ਪਾਰਕ 'ਚ ਇਕ ਵਿਅਕਤੀ ਵੱਲੋਂ ਬਿਨ੍ਹਾਂ ਮਨਜ਼ੂਰੀ ਲਿਆ ਨਿੱਜੀ ਵਿਆਹ ਸਮਾਗਮ ਕਰਨ 'ਤੇ ਗਰਿੱਲ ਤੋੜ ਰਾਹ ਬਣਾਉਣਾ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਸਮਾਗਮ ਲਈ ਟੈਂਟ ਲਾਉਣ ਕਰਕੇ ਪਾਰਕ ਵਿਚ ਬਣੇ ਓਪਨ ਜਿਮ ਦੀ ਮਸ਼ੀਨਾਂ ਵੀ ਪੁੱਟ ਕੇ ਖੁੰਜੇ ਰੱਖ ਦਿੱਤੀ ਗਈ। ਇਸ ਨੂੰ ਲੈ ਕੇ ਜਿਥੇ ਪ੍ਰਸ਼ਾਸਨ ਨੇ ਚੁੱਪੀ ਵੱਟੀ ਹੋਈ ਹੈ, ਉਥੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਲੱਖਾਂ ਰੁਪਏ ਖਰਚ ਕੇ ਪਾਰਕ ਤਿਆਰ ਕਰਦੇ ਹਨ ਅਤੇ ਲੋਕ ਅਜਿਹੇ ਸਮਾਗਮ ਕਰ ਇਨ੍ਹਾਂ ਪਾਰਕਾਂ ਨੂੰ ਉਜਾੜ ਕੇ ਰੱਖ ਦਿੰਦੇ ਹਨ।

ਵਾਰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਕੋਲੋਂ ਟੈਕਸ ਦੇ ਰੂਪ 'ਚ ਲਏ ਪੈਸੇ ਖਰਚ ਕੇ ਪਾਰਕ ਤਿਆਰ ਕੀਤੇ ਜਾਂਦੇ ਹਨ। ਇਹ ਪਾਰਕ ਲੋਕਾਂ ਦੇ ਸੈਰ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਹੁੰਦੇ ਹਨ। ਜੇਕਰ ਲੋਕ ਇਨ੍ਹਾਂ ਸਰਕਾਰੀ ਪਾਰਕਾਂ 'ਚ ਨਿੱਜੀ ਸਮਾਗਮ ਕਰਨ ਲੱਗ ਜਾਣ ਤਾਂ ਖਸਤਾ ਹਾਲਤ ਪਾਰਕਾਂ ਦੀ ਹਾਲਤ ਹੋਰ ਖਸਤਾ ਹੋ ਜਾਵੇਗੀ।

--------

ਨਹੀਂ ਲਈ ਕੋਈ ਮਨਜ਼ੂਰੀ:ਜੈਨ

ਇਸ ਬਾਰੇ ਗੱਲ ਕਰਨ 'ਤੇ ਡੇਰਾਬੱਸੀ ਦੇ ਕਾਰਜ ਸਾਧਕ ਅਧਿਕਾਰੀ ਵਰਿੰਦਰ ਜੈਨ ਨੇ ਕਿਹਾ ਕਿ ਪਾਰਕ 'ਚ ਵਿਆਹ ਸਮਾਗਮ ਲਈ ਕਿਸੇ ਵਿਅਕਤੀ ਨੇ ਕੋਈ ਮਨਜ਼ੂਰੀ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸਮਾਗਮ ਲਈ ਕੋਈ ਵਿਅਕਤੀ ਸਰਕਾਰੀ ਪਾਰਕ ਦੀ ਗਰਿੱਲ ਨਹੀਂ ਹਟਾ ਸਕਦਾ ਤੇ ਨਾ ਹੀ ਪਾਰਕ 'ਚ ਲੱਗੀ ਜਿਮ ਦੀ ਮਸ਼ੀਨਾਂ ਹਟਾ ਕੇ ਉਥੇ ਟੈਂਟ ਲਾਇਆ ਜਾ ਸਕਦਾ ਹੈ। ਮਾਮਲੇ ਦੀ ਜਾਂਚ ਕਰ ਅਜਿਹਾ ਕਰਨ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

--------

ਜਾਂਚ ਕਰ ਕੇ ਕੀਤੀ ਜਾਵੇਗੀ ਕਾਰਵਾਈ: ਐੱਸਡੀਐੱਮ

ਜਦੋਂ ਇਸ ਬਾਰੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ 'ਤੇ ਟੀਮ ਭੇਜ ਕੇ ਜਾਂਚ ਕੀਤੀ ਜਾਵੇਗੀ। ਨਿੱਜੀ ਸਮਾਗਮ ਲਈ ਸਰਕਾਰੀ ਪਾਰਕ ਦੀ ਗਰਿੱਲ ਕੱਢਣੀ ਤੇ ਮਸ਼ੀਨਾਂ ਪੁੱਟ ਕੇ ਊਸ ਥਾਂ 'ਤੇ ਟੈਂਟ ਲਾਉਣਾ ਗ਼ਲਤ ਹੈ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।