ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦੇ ਪੰਜਾਬ ਦਾ ਦਲਿਤ ਮੁੱਖ ਮੰਤਰੀ ਬਣਾਉਣ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਆਗੂ 2007 ਅਤੇ 2012 ਵਿਚ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਨਹੀਂ ਕਰ ਸਕੇ ਸਨ ਜਦੋਂ ਉਹ ਅਸਾਨੀ ਨਾਲ ਇਹ ਕਰ ਸਕਦੇ ਸਨ।

ਉਹਨਾਂ ਕਿਹਾ ਕਿ 2007 ਵਿਚ ਅਕਾਲੀ ਦਲ ਸਰਕਾਰ ਪੂਰੀ ਤਰ੍ਹਾਂ ਭਾਜਪਾ ਦੇ ਸਮਰਥਨ ‘ਤੇ ਨਿਰਭਰ ਸੀ ਅਤੇ ਉਸ ਨੇ 21 ਵਿਚੋਂ 19 ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਦੋਂ ਉਹ ਇੱਕ ਹਿੰਦੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾ ਸਕੇ ਅਤੇ ਹੁਣ ਜਦੋਂ ਸੂਬੇ ਵਿਚ ਪਾਰਟੀ ਦਾ ਵਜੂਦ ਨਹੀਂ ਰਿਹਾ, ਉਹ ਇੱਕ ਦਲਿਤ ਮੁੱਖ ਮੰਤਰੀ ਬਣਾਉਣ ਦੀ ਘੋਸਣਾ ਕਰ ਰਹੇ ਹਨ।

ਮਹਿੰਦਰਾ ਨੇ ਕਿਹਾ, “ਭਾਜਪਾ ਨੇ ਹਮੇਸਾ ਹੀ ਹਿੰਦੂਆਂ ਅਤੇ ਹਿੰਦੂਤਵ ਦੀ ਪੈਰਵੀ ਕਰਨ ਦਾ ਦਾਅਵਾ ਕੀਤਾ ਹੈ, ਪਰ ਜਦੋਂ ਪਾਰਟੀ ਨੂੰ ਪੰਜਾਬ ਵਿੱਚ ਇੱਕ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ ਤਾਂ ਪਾਰਟੀ ਨੇ ਆਪਣੇ ਸੌੜੇ ਹਿੱਤਾਂ ਲਈ ਇਸ ਨੂੰ ਸਿਰੇ ਨਾ ਚੜ੍ਹਨ ਦਿੱਤਾ।

Posted By: Jagjit Singh