ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ), ਐੱਸਸੀ ਤੇ ਬੀਸੀ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਹੈ।

ਪੀਐੱਸਪੀਸੀਐੱਲ ਦੇ ਸੀਐੱਮਡੀ ਏ. ਵੇਣੂੰ ਪ੍ਰਸਾਦ ਨੇ ਦੱਸਿਆ ਕਿ 'ਕਿਫਾਇਤੀ ਐੱਲਈਡੀ ਬਲਬ ਯੋਜਨਾ' ਦੇ ਅਨੁਸਾਰ ਇਕ ਕਿਲੋਵਾਟ ਤਕ ਦੇ ਮਨਜ਼ੂਰਸੁਦਾ ਬਿਜਲੀ ਸਬਸਿਡੀ ਦਾ ਲਾਭ ਲੈਣ ਵਾਲੇ ਬੀਪੀਐੱਲ, ਐੱਸਸੀ ਤੇ ਬੀਸੀ ਵਰਗਾਂ ਦੇ ਯੋਗ ਖਪਤਕਾਰਾਂ ਨੂੰ ਸਿਰਫ਼ 30 ਰੁਪਏ 'ਚ 2 ਐੱਲਈਡੀ ਬਲਬ ਮੁਹੱਈਆ ਕਰਵਾਏ ਜਾਣਗੇ।

ਇਸ ਸਕੀਮ ਦੇ ਲਾਭ ਬਾਰੇ ਦੱਸਦਿਆਂ ਸੀਐੱਮਡੀ ਨੇ ਕਿਹਾ ਕਿ ਇਹ ਬਲਬ 80-90 ਫੀਸਦੀ ਤਕ ਬਿਜਲੀ ਦੀ ਬਚਤ ਕਰਨਗੇ ਅਤੇ ਲੰਬੇ ਸਮੇਂ (20,000 ਘੰਟੇ) ਤਕ ਚੱਲਣਗੇ। ਵਾਤਾਵਰਣ ਅਨੁਕੂਲ ਹੋਣ ਤੋਂ ਇਲਾਵਾ ਇਹਨਾਂ ਵਿਚ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ।

ਸੀਐਮਡੀ ਨੇ ਇਹ ਵੀ ਕਿਹਾ ਕਿ ਖਪਤਕਾਰ ਸਬੰਧਤ ਪੀਐੱਸਪੀਸੀਐੱਲ ਦਫ਼ਤਰ ਨਾਲ ਸੰਪਰਕ ਕਰਕੇ ਅਤੇ ਮੌਜੂਦਾ ਬਿੱਲ, ਪਛਾਣ ਪੱਤਰ ਅਤੇ ਇਕ ਸੈਲਫ ਅੰਡਰਟੇਕਿੰਗ ਜਮ੍ਹਾਂ ਕਰਵਾ ਕੇ ਉਪਰੋਕਤ ਸਕੀਮ ਦਾ ਲਾਭ ਲੈ ਸਕਦੇ ਹਨ। ਬੀਪੀਐੱਲ, ਐੱਸਸੀ ਤੇ ਬੀਸੀਵਰਗਾਂ ਦੇ ਉਪਭੋਗਤਾ ਜਿਨ੍ਹਾਂ ਦਾ ਲੋਡ ਇਕ ਕਿਲੋਵਾਟ ਤਕ ਹੈ, ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦੀ ਰਿਆਇਤ ਪ੍ਰਾਪਤ ਕਰ ਸਕਦੇ ਹਨ। ਇਸ ਅਧਾਰ 'ਤੇ ਸਾਲ 2019-20 ਲਈ ਪੀਐੱਸਈਆਰਸੀ ਵਲੋਂ ਮਨਜ਼ੂਰਸ਼ੁਦਾ ਬਿਜਲੀ ਸਬਸਿਡੀ 1598.47 ਕਰੋੜ ਰੁਪਏ ਹੈ।

Posted By: Seema Anand