ਵਿਕਾਸ ਸ਼ਰਮਾ, ਚੰਡੀਗੜ੍ਹ : ਕਾਮਨਵੈਲਥ ਖੇਡਾਂ 'ਚ ਐੱਸਡੀ ਕਾਲਜ-32 ਦੇ ਮੁੱਕੇਬਾਜ਼ ਸਾਗਰ ਨੇ ਸਿਲਵਰ ਮੈਡਲ 'ਤੇ ਪੰਚ ਲਗਾਇਆ ਹੈ। ਪਹਿਲੀ ਵਾਰ ਇੰਟਰਨੈਸ਼ਨਲ ਡੈਬਿਊ ਕਰ ਰਿਹਾ ਸਾਗਰ 92 ਕਿਲੋਗ੍ਰਾਮ ਵਰਗ 'ਚ ਖੇਡ ਰਿਹਾ ਸੀ। ਬਰਮਿੰਘਮ 'ਚ ਕਰਵਾਏ ਗਏ ਇਸ ਮੁਕਾਬਲੇ 'ਚ ਅੱਜ ਦੇਰ ਰਾਤ ਫਾਈਨਲ ਮੁਕਾਬਲੇ 'ਚ ਇੰਗਲੈਂਡ ਦੇ ਡੇਲੀਸ਼ੀਅਸ ਓਰੀ ਨੇ ਸਾਗਰ ਨੂੰ 5-0 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਸਾਗਰ ਮੂਲ ਰੂਪ 'ਚ ਹਰਿਆਣਾ ਦੇ ਝੱਜਰ ਦੇ ਪਿੰਡ ਧਾਂਧਲਾਨ ਦਾ ਰਹਿਣ ਵਾਲਾ ਹੈ ਪਰ ਉਹ ਚੰਡੀਗੜ੍ਹ 'ਚ ਹੀ ਪੜ੍ਹਾਈ ਕਰਦਾ ਹੈ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ ਚੰਡੀਗੜ੍ਹ ਵਲੋਂ ਖੇਡਦਾ ਹੈ।

ਐੱਸਡੀ ਕਾਲਜ ਦੀ ਬਾਕਸਿੰਗ ਟੀਮ ਦੇ ਇੰਚਾਰਜ ਪ੍ਰਰੋ. ਰਜਿੰਦਰ ਮਾਨ ਨੇ ਦੱਸਿਆ ਕਿ ਪੂਰੇ ਟੂਰਨਾਮੈਂਟ 'ਚ ਸਾਗਰ ਨੇ ਵਧੀਆ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲੇ 'ਚ ਉਸਨੇ ਆਪਣੇ ਵਿਰੋਧੀ ਡੇਲੀਸ਼ੀਅਸ ਓਰੀ ਨੂੰ ਕਰੜੀ ਚੁਣੌਤੀ ਦਿੱਤੀ। ਸਾਗਰ ਨੇ ਪਹਿਲੇ ਰਾਊਂਡ 'ਚ ਬੜ੍ਹਤ ਬਣਾ ਲਈ ਸੀ ਪਰ ਡੇਲੀਸ਼ੀਅਸ ਦੇ ਪੰਚ ਨਾਲ ਉਸਦੀ ਅੱਖ ਦੇ ਹੇਠਾਂ ਕੱਟ ਲੱਗ ਗਿਆ ਸੀ, ਜਿਸ ਕਾਰਨ ਉਹ ਮੁਕਾਬਲੇ 'ਚ ਥੋੜ੍ਹਾ ਪੱਛੜ ਗਿਆ।