ਜੇਐੱਨਐੱਨ, ਜਲੰਧਰ : ਹੁਣ ਸਰਕਾਰੀ ਸਕੂਲਾਂ ਵਾਂਗ ਹੀ ਏਡਿਡ ਸਕੂਲਾਂ ਦੇ ਬੱਚਿਆਂ ਨੂੰ ਵੀ ਪੰਜਵੀਂ ਤੇ ਅੱਠਵੀਂ ਦੀ ਆਨਲਾਈਨ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫ਼ੀਸ ਨਹੀਂ ਲਈ ਜਾਵੇਗੀ।

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਏਡਿਡ ਸਕੂਲਾਂ ਤੋਂ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫੀਸ ਲੈਣ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ ਕਿਉਂਕਿ ਇਸ ਫ਼ੈਸਲੇ ਖ਼ਿਲਾਫ਼ ਸੂਬੇ ਭਰ 'ਚ ਵਿਰੋਧ ਚੱਲ ਰਿਹਾ ਸੀ। ਪ੍ਰਾਈਵੇਟ ਸਕੂਲ ਬਿਨਾਂ ਲੇਟ ਫੀਸ ਦੇ 16 ਦਸੰਬਰ ਤਕ ਫੀਸ ਚਲਾਨ ਜਨਰੇਟ ਕਰਵਾ ਸਕਦੇ ਹਨ ਤੇ 23 ਦਸੰਬਰ ਤਕ ਫੀਸ ਜਮ੍ਹਾਂ ਕਰਵਾ ਸਕਦੇ ਹਨ।

ਇਸ ਤੋਂ ਬਾਅਦ 30 ਦਸੰਬਰ ਤਕ ਪੰਜਵੀਂ ਦੀ 250 ਰੁਪਏ ਤੇ ਅੱਠਵੀਂ ਦੀ 500 ਰੁਪਏ, ਅੱਠ ਜਨਵਰੀ 2020 ਤਕ ਪੰਜਵੀਂ ਦੀ 500 ਰੁਪਏ, ਅੱਠਵੀਂ ਦੀ ਇਕ ਹਜ਼ਾਰ ਰੁਪਏ, 16 ਜਨਵਰੀ ਤਕ ਪੰਜਵੀਂ ਦੇ 750 ਰੁਪਏ ਤੇ ਅੱਠਵੀਂ ਦੇ 1500 ਰੁਪਏ ਨਾਲ ਜ਼ਿਲ੍ਹਾ ਬੋਰਡ ਦਫ਼ਤਰਾਂ 'ਚ ਫੀਸਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੋਰਡ ਨੇ ਫ਼ੈਸਲਾ ਸੁਣਾਇਆ ਸੀ ਕਿ ਪੰਜਵੀਂ ਤੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ ਤੇ ਪ੍ਰੀਖਿਆ ਫੀਸ ਵਿਦਿਆਰਥੀਆਂ ਨੂੰ ਦੇਣੀ ਪਵੇਗੀ। ਇਸ ਨਾਲ ਏਡਿਡ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਤੇ ਆਰਥਿਕ ਬੋਝ ਪੈ ਗਿਆ ਸੀ ਤੇ ਮਾਪਿਆਂ ਸਮੇਤ ਸਕੂਲਾਂ ਨੇ ਵੀ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ।