ਮੁਹਾਲੀ ਦੀਆਂ ਸੜਕਾਂ ’ਤੇ ਖ਼ੂਨੀ ਕਹਿਰ, ਚਾਰ ਵੱਖ-ਵੱਖ ਹਾਦਸਿਆਂ ’ਚ ਚਾਰ ਲੋਕਾਂ ਦੀ ਮੌਤ
ਮੁਹਾਲੀ ਦੀਆਂ ਸੜਕਾਂ 'ਤੇ ਖ਼ੂਨੀ ਕਹਿਰ : ਚਾਰ ਵੱਖ-ਵੱਖ ਹਾਦਸਿਆਂ 'ਚ ਚਾਰ ਲੋਕਾਂ ਦੀ ਮੌਤ
Publish Date: Mon, 17 Nov 2025 09:02 PM (IST)
Updated Date: Mon, 17 Nov 2025 09:04 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਕਾਰਨ ਲਗਾਤਾਰ ਹੋ ਰਹੇ ਜਾਨਲੇਵਾ ਹਾਦਸੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਹਾਲ ਹੀ ਵਿਚ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਸੋਹਾਣਾ ਥਾਣਾ ਖੇਤਰ ਵਿਚ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਫੇਜ਼-1 ਥਾਣਾ ਖੇਤਰ ਦੇ ਇਕ ਨੌਜਵਾਨ ਨੇ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਸਾਰੇ ਮਾਮਲਿਆਂ ਵਿਚ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਹਾਣਾ ਥਾਣਾ ਖੇਤਰ ਦੀਆਂ ਘਟਨਾਵਾਂ, ਹਾਦਸਾ : ਬੱਸੀ ਪਠਾਣਾ ਵਾਸੀ 22 ਸਾਲਾ ਸਹਿਜਪ੍ਰੀਤ ਸਿੰਘ 15 ਨਵੰਬਰ ਦੀ ਰਾਤ ਨੂੰ ਆਪਣੇ ਦੋਸਤ ਸਾਹਿਲ ਨਾਲ ਮੋਟਰਸਾਈਕਲ ਤੇ ਘਰ ਪਰਤ ਰਿਹਾ ਸੀ। ਇਸ ਦੌਰਾਨ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਸਹਿਜਪ੍ਰੀਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋਸਤ ਸਾਹਿਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੈਦਲ ਜਾ ਰਹੇ ਵਿਅਕਤੀ ਦੀ ਮੌਤ : ਦੂਜੇ ਮਾਮਲੇ ਵਿਚ, ਪਿੰਡ ਸੰਭਾਲੀ ਨਿਵਾਸੀ 59 ਸਾਲਾ ਜੈ ਕੁਮਾਰ ਸੈਕਟਰ 89 ਅਤੇ 99 ਦੀ ਮੁੱਖ ਸੜਕ ਤੇ ਪੈਦਲ ਜਾ ਰਿਹਾ ਸੀ। ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਮੋਟਰਸਾਈਕਲ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨ ਦਾ ਹਾਦਸਾ : ਤੀਜਾ ਮਾਮਲਾ 30 ਸਾਲਾ ਨਵਜੋਤ ਸਿੰਘ ਦਾ ਹੈ, ਜੋ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਇਆ ਸੀ। ਪਿੰਡ ਚੰਡਿਆਲਾ ਨੇੜੇ ਮੋਟਰਸਾਈਕਲ ਤੇ ਜਾਂਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਾਰ ਚਾਲਕ ਵੀ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਫੇਜ਼-1 ਥਾਣਾ ਖੇਤਰ ਦਾ ਮਾਮਲਾ : ਕਜਹੇੜੀ ਵਾਸੀ 27 ਸਾਲਾ ਮੁਹੰਮਦ ਸਾਹਿਲ (ਜੋ ਫਰਨੀਚਰ ਦਾ ਕੰਮ ਕਰਦਾ ਸੀ) ਨੂੰ ਚੀਮਾ ਬੁਆਇਲਰ ਚੌਕ ਤੇ ਪਿੱਛੋਂ ਆਏ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਸੀ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਪੀਜੀਆਈ, ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਸਾਰੇ ਮਾਮਲਿਆਂ ਵਿਚ ਫ਼ਰਾਰ ਅਣਪਛਾਤੇ ਵਾਹਨ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।